ਮੇਰੀ ਪਹਿਲੀ ਕਹਾਣੀ

ਹੁਨਰ ਦਾ ਦਾਅਵਾ ਨਹੀਂ ਮਾਣ ਸੁੱਚੇ ਇਸ਼ਕ ਦਾ …

ਹੁਣ ਤਕ ਮੈਂ ਇੱਕੀ ਕਹਾਣੀਆਂ ਰਚੀਆਂ ਹਨ। ਇਕ ਨਾਵਲ ‘ਤੇ ਕੰਮ ਕਰ ਰਿਹਾ ਹਾਂ। ਦੋ ਕਿਤਾਬਾਂ ‘ਪਾਵੇ ਨਾਲ ਬੰਨ੍ਹਿਆ ਕਾਲ’ ਤੇ ‘ਈਸ਼ਵਰ  ਦਾ ਜਨਮ’ ਛਪੀਆਂ ਨੇ। ‘ਪਾਵੇ ਨਾਲ ਬੰਨ੍ਹਿਆ ਕਾਲ’, ‘ਨੰਗੇਜ਼, ‘ਛਿੱਟ ਕੁ ਕਹਾਣੀ’, ‘ਫੌਜੀ’, ‘ਲਛਮਣ ਰੇਖਾ’, ‘ਈਸ਼ਵਰ ਦਾ ਜਨਮ’, ‘ਤੱਖੀ’, ‘ਰਾਹੂ ਕੇਤੂ’, ‘ਸਾਖੀ ਅੱਗੇ ਚੱਲੀ’, ‘ਬੇਰਿਵਾਜ਼ ਸੂਟ’ ਵਰਗੀਆਂ ਕਹਾਣੀਆਂ ਪਾਠਕਾਂ, ਆਲੋਚਕਾਂ ਨੇ ਕਾਫੀ ਸਲਾਹੀਆਂ ਵੀ ਨੇ ਤੇ ਕਿਸੇ ਨਾ ਕਿਸੇ ਨਾ ਕਾਰਨ ­ਚਰਚਾ ਵਿਚ ਵੀ ਰਹੀਆਂ ਨੇ।

ਜਦੋਂ ਅੱਜ ਵੀਰ ਕਰਾਂਤੀਪਾਲ ਦੇ ਕਹੇ ਤੇ ‘ਮੇਰੀ ਪਹਿਲੀ ਕਹਾਣੀ’ ਬਾਰੇ ਲਿਖ ਰਿਹਾ ਹਾਂ ਤਾਂ ਸੋਚਦਾ ਹਾਂ ਉਹ ਕਿਹੜੀਆਂ ਗੱਲਾਂ ਸਨ, ਜਿਨ੍ਹਾਂ ਨੇ ਕਹਾਣੀ ਨੂੰ ਮੇਰੇ ‘ਜੀਅ ਦਾ ਜੰਜਾਲ’ ਬਣਾ ਦਿੱਤਾ।

ਕੀ ਮੈਨੂੰ ਸੱਚਮੁੱਚ ਕਹਾਣੀਕਾਰ ਬਣਨਾ ਚਾਹੀਦਾ ਸੀ? ਤਾਂ ਇਸ ਦਾ ਜਵਾਬ ਹੋਵੇਗਾ ਨਹੀਂ, ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ। ਦੋ ਨਾਂ ਮੇਰੇ ਨਾਲ ਐਵੇਂ ਜੁੜ ਗਏ ਜਿਹੜੇ ਮੈਂ ਕਦੇ ਵੀ ਨਹੀਂ ਚਾਹੇ ਸੀ। ਉਹ ਨੇ ‘ਸਾਊ’ ਤੇ ‘ਕਹਾਣੀਕਾਰ’। ਸਾਊ ਹੋਣ ਬਾਰੇ ਤਾਂ ਮੇਰੇ ਵਿਚਾਰ ਨੇ, “ਮੈਂ ਐਵੇਂ ਸਾਊ ਬਣ ਕੇ ਜੀਣਾ ਨਹੀਂ ਚਾਹਿਆ। ਸਾਊ ਹੋਣਾ ਤਾਂ ਬਸ ਆਪਣੇ ਅਰਮਾਨਾਂ ਦਾ ਗਲ਼ਾ ਘੁੱਟਣਾ ਹੁੰਦਾ ਹੈ। ਸੁਪਨਿਆਂ ਤੇ ਸੱਧਰਾਂ ਦਾ ਕਤਲ ਕਰਨਾ ਹੁੰਦਾ ਹੈ।

ਸਾਊ ਹੋਣਾ ਦੂਸਰਿਆਂ ਦੀਆਂ ਨਜ਼ਰਾਂ ਵਿਚ ਚੰਗਾ-ਚੰਗਾ ਬਣਨਾ ਭਾਈ ਆਪਾ ਮਾਰਨਾ ਏ। ਕਹਾਣੀ ਲਿਖਣ ਦਾ ਕੰਮ ਵੀ ਮੇਰੇ ਗਲ਼ ਹੀ ਪੈ ਗਿਆ। ਚੰਗੇ-ਭਲੇ ਬੈਠੇ-ਬੈਠੇ ਨੂੰ ਰਾਮ ਸਰੂਪ ਅਣਖੀ ਜੀ ਹੋਰਾਂ ਏਧਰ ਖਿੱਚਿਆ। ਬਾਅਦ ਵਿਚ ਪ੍ਰੇਮ “ਕਾਸ਼, ਗੁਰਪਾਲ ਲਿੱਟ, ਮੋਹਨ ਭੰਡਾਰੀ, ਜਸਵੀਰ ਰਾਣਾ, ਦੇਸਰਾਜ ਕਾਲੀ, ਕੇਸਰਾ ਰਾਮ, ਸੁਖਜੀਤ, ਗੁਰਮੀਤ ਕੜਿਆਲਵੀ, ਕੁਲਵੰਤ ਗਿੱਲ, ਵਿਸ਼ਵਜੋਤੀ, ਡਾ. ਸਰਘੀ, ਬਲਵਿੰਦਰ ਗਰੇਵਾਲ, ਬਲਜਿੰਦਰ ਨਸਰਾਲੀ ਅਤੇ ਹੋਰ ਅਨੇਕਾਂ ਸਾਹਿਤਕਾਰਾਂ ਨੇ ਜੋ ਮਾਣ ਦਿੱਤਾ, ਪੈਰ ਹੀ ਨਾ ਲੱਗਣ ਦਿੱਤੇ। ਮੈਂ ਪਹਿਲੀ ਕਹਾਣੀ ਦੇ ਸਿਰਜਣ ਪਿਛੋਕੜ ਬਾਰੇ ਲਿਖ ਰਿਹਾ ਹਾਂ ਤਾਂ ਮੈਨੂੰ ਆਪਾ ਫਰੋਲਣਾ ਪੈਣਾ ਹੈ। ਕਿਸੇ ਅੱਗੇ ਆਪਾ ਫਰੋਲਣਾ ਮੇਰਾ ਸੁਭਾਅ ਨਹੀਂ। ਕੁਝ ਕੁ ਓਹਲੇ ਰੱਖ ਕੇ ਲੋੜ ਜੋਗੀਆਂ ਗੱਲਾਂ ਕਰ ਲੈਂਦੇ ਹਾਂ।

ਪਹਿਲੀ ਕਹਾਣੀ ਲਿਖਣ ਵੇਲੇ ਮੈਂ ਪਿੰਡ ਅਲੂਣਾ ਤੋਲਾ ਦੀਆਂ ਉਹਨਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਸਾਂ ਜੋ ਪੜ੍ਹਾਈ ਤੋਂ ਡਰਦੇ ਖੇਤੀ ਕਰਨ ਲੱਗ ਜਾਂਦੇ ਨੇ ਤੇ ਖੇਤੀ ਤੋਂ ਡਰਦੇ ਪੜ੍ਹਾਈ ਕਰਨ ਲੱਗ ਜਾਂਦੇ ਨੇ ਪਰ ਕਰਦੇ ਕੁਝ ਵੀ ਨਹੀਂ। ਪਰ ਫਿਰ ਵੀ ਮੈਂ ਹਰ ਜਮਾਤ ਵਿੱਚੋਂ ਅੱਵਲ ਆਉਂਦਾ। ਕਹਾਣੀ ਭਾਵੇਂ ਮੈਂ ਬਾਅਦ ਵਿਚ ਲਿਖਣ ਲੱਗਿਆ ਪਰ ਇਨ੍ਹਾਂ ਦੀਆਂ ਤੰਦਾਂ ਬਚਪਨ ਵਿਚ ਵੀ ਜੁੜ ਜਾਂਦੀਆਂ ਹਨ। ਉਹ ਕਹਾਣੀਆਂ ਜਿਹੜੀਆਂ ਮੈਂ ਚੁੱਪ-ਚਾਪ ਬੈਠਾ ਘੜਦਾ ਰਹਿੰਦਾ, ਦਿਮਾਗ਼ ਵਿਚ ਮਰ-ਮੁੱਕ ਜਾਂਦੀਆਂ।

ਕਈ ਵਾਰ ਬੀਜੀ ਪੁੱਛਦੇ, “ਕੀ ਸੋਚਦਾ ਰਹਿੰਨੈਂ?”

ਮੈਂ ਮੁਸਕਰਾ ਕੇ ਕਹਿੰਦਾ, “ਕੁਛ ਨੀ ਐਵੇਂ ਬੱਸ …”

ਇਹ ਉਨ੍ਹਾਂ ਵੇਲਿਆਂ ਦੀ ਗੱਲ ਹੈ ਜਦੋਂ ਅਸੀਂ ਸ਼ਰਾਬੀ ਬਾਪੂ ਜੀ ਤੋਂ ਬਹੁਤ ਤੰਗ ਸਾਂ। ਇਹ ਗੱਲ ਮੈਂ ਨਹੀਂ ਦੱਸਾਂਗਾ ਕਿ ਕਿਵੇਂ ਅਸੀਂ ਉਨ੍ਹਾਂ ਦੀ ਸ਼ਰਾਬ ਛੁਡਵਾ ਦਿੱਤੀ ਸੀ। ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਸੀ। ਫਿਰ ਅਸੀਂ ਉਨ੍ਹਾਂ ਦੀ ‘ਜੱਥੇਦਾਰੀ’ ਤੋਂ ਤੰਗ ਆ ਗਏ ਸੀ। ਸਕੂਲੋਂ ਆ ਕੇ ਮੈਨੂੰ ਖੇਤੀ ਦਾ ਕੰਮ ਕਾਮਿਆਂ ਨਾਲ ਕਰਾਉਣਾ ਪੈਂਦਾ। ਬਾਪੂ ਜੀ ਆਖਦੇ, “ਆਖਿਰ ਪੁੱਤ ਬਸੰਤਰਿਆ ਤੂੰ ਹੱਟੀ ਬਹਿਣਾ’ ਦੇ ਅਖਾਣ ਅਨੁਸਾਰ ਆਖਿਰ ਨੂੰ ਖੇਤੀ ਹੀ ਕਰਨੀ ਪੈਣੀ ਆ, ਨੌਕਰੀਆਂ ਤਾਂ ਜੱਟਾਂ ਨੂੰ ਦਿੰਦੀ ਨੀ ਸਰਕਾਰ …।” ਮੈਂ ਖੇਤੀ ਤੋਂ ਟਲਦਾ ਰਹਿੰਦਾ। ਮੈਂ ਦੇਖਿਆ ਫਸਲ ਸਾਡੀ ਸਾਰੇ ਪਿੰਡ ਤੋਂ ਚੰਗੀ ਹੁੰਦੀ। ਵਿੱਢ ਲਾ ਕੇ ਫਸਲ ਦੀਆਂ ਟਰਾਲੀਆਂ ਭਰ ਕੇ ਮੰਡੀ ਲਿਜਾ ਕੇ ਖਾਲੀ ਜੇਬਾਂ, ਸਿਰ ਕਰਜ਼ਾ ਲੈ ਕੇ ਮੁੜਦੇ। ਗੀਤਾ ਦਾ ਸੰਦੇਸ਼ ‘ਕੰਮ ਕਰੋ ਫਲ ਦੀ ਇੱਛਾ ਨਾ ਕਰੋ’ ਸਾਡੀ ਖੇਤੀ ‘ਤੇ ਢੁੱਕਦਾ ਵੀ ਸੀ। ਇਸੇ ਲਈ ਮੇਰਾ ਇਹ ‘ਕਰਮ’ ਕਰਨ ਨੂੰ ਚਿੱਤ ਨਾ ਕਰਦਾ।

ਬੀ.ਏ. ਕਰ ਕੇ ਵਿਹਲਿਆਂ ਵਰਗਾ ਸੀ। ਮੇਰੇ ਸਿਰ ਉੱਤੇ ਐਵੇਂ ‘ਗੇੜੀਆਂ’ ਮਾਰਨ ਅਤੇ ਤਾਸ਼ ਖੇਡਣ ਦਾ ਭੂਤ ਸਵਾਰ ਸੀ। ਜੋ ਥੋੜ੍ਹਾ-ਬਹੁਤਾ ਕੰਮ ਹੁੰਦਾ ਉਹ ਨਿਬੇੜ ਕੇ ਸੱਥ ਵਿਚ ਜਾ ਬੈਠਦਾ। ਕਈ ਵਾਰ ਸਵੇਰੇ ਚਾਹ ਦਾ ਘੁੱਟ ਪੀ ਕੇ ਤਾਸ਼ ਖੇਡਣ ਜਾ ਬੈਠਦਾ। ਕਈ ਵਾਰ ਬਾਪੂ ਜੀ ਨੇ ਸੱਥ ਵਿਚ ਜਾ ਕੇ ਬੋਲਣਾ, “ਰੋਟੀ ਵੀ ਏਥੇ ਲਿਆਈਏ ਤੈਨੂੰ …।” ਹਨ੍ਹੇਰੇ ਹੋਏ ਘਰੇ ਮੁੜਨਾ। ਘਰੇ ਬੀਜੀ ਨੇ ਗਾਲ੍ਹਾਂ ਕੱਢਣੀਆਂ। ਭਾਵੇਂ ਮੈਂ ਉਹਦਾ ਲਾਡਲਾ ਸੀ ਪਰ ਉਹਨੂੰ ਮੇਰੇ ਭਵਿੱਖ ਦੀ ਚਿੰਤਾ ਸੀ। “ਜ਼ਮਾਨਾ ਬਹੁਤ ਖਰਾਬ ਐ, ਕੀ ਬਣੂ ਮੇਰੇ ਭੋਲੇ ਪੁੱਤ ਦਾ …।” ਤਾਸ਼ ਖੇਡਣ ਵਿਚ ਏਨਾ ਮਾਹਿਰ ਹੋ ਗਿਆ ਸਾਂ ਕਿ ਇਕ ਪੱਤਾ ਸੁੱਟੇ ਤੇ ਸਾਹਮਣੇ ਵਾਲੇ ਦੇ ਹੱਥ ਵਿਚ ਫੜੇ ਪੱਤੇ ਦੱਸ ਦਿਆ ਕਰਦਾ ਸਾਂ ਕਿ ਉਸ ਕੋਲ ਆਹ ਪੱਤੇ ਨੇ ਤੇ ਉਹਨੇ ਕਿਹੜਾ ਪੱਤਾ ਸੁੱਟਿਆ।

ਸਰਕਾਰ ਮੇਰੇ ਵਰਗਿਆਂ ’ਤੇ ਇਕ ਅਹਿਸਾਨ ਕਰਦੀ ਹੈ, ਪੇਪਰ ਹਾੜ੍ਹੀ ਦੇ ਦਿਨਾਂ ਵਿਚ ਰੱਖ ਕੇ। ਸਾਰਾ ਪੰਜਾਬ ਕਣਕ ਦਾ ਕੰਮ ਸਮੇਟਦਾ, ਸਾਲ ਭਰ ਜੋਗੇ ਦਾਣੇ ਬਣਾਉਣ ਵਿਚ ਰੁੱਝਿਆ ਹੁੰਦਾ। ਮੇਰੇ ਵਰਗੇ ਕਿਤਾਬਾਂ ਮੂੰਹ ਤੇ ਰੱਖ ਕੇ ਸੌਂ ਰਹੇ ਹੁੰਦੇ ਨੇ। ਸ਼ਾਇਦ ਇਸੇ ਕਰਕੇ ਮੈਂ ਐਮ.ਏ. ਪੰਜਾਬੀ ਦੀ ‘ਪੱਤਰ-ਵਿਹਾਰ’ ਰਾਹੀਂ ਫੀਸ ਕਰ ਦਿੱਤੀ ਸੀ।

ਪੀ.ਸੀ.ਪੀ. ਹਫਤੇ-ਦਸ ਦਿਨ ਦੀਆਂ ਕਲਾਸਾਂ ਲਗਾਉਣ ਪਟਿਆਲੇ ਗਿਆ। ਡਾ. ਬਲਦੇਵ ਧਾਲੀਵਾਲ ਦਾ ਪੜ੍ਹਾਉਣ ਦਾ ਢੰਗ ਬਹੁਤ ਵਧੀਆ ਸੀ। ਭਾਵੇਂ ਉਹ ਕਵਿਤਾ ਦਾ ਪੇਪਰ ਸੀ, ਪਰ ਛੋਟੀਆਂ-ਛੋਟੀਆਂ ਕਹਾਣੀਆਂ ਬਹੁਤ ਸੁਣਾਉਂਦੇ। ਪਹਿਲੀ ਵਾਰ ਲੱਗਿਆ ਕਿ ਕਹਾਣੀ ਵੀ ਪੜ੍ਹਨ-ਸੁਣਨ ਦੀ ਚੀਜ਼ ਹੁੰਦੀ ਹੈ। ਭਾਸ਼ਾ-ਵਿਗਿਆਨ ਪੜ੍ਹਾਉਣ ਵਾਲੇ ਡਾ. ਸਾਹਿਬ ਦਾ ਨਾਂ ਭੁੱਲ ਗਿਆ। ਭਾਸ਼ਾ ਵਿਗਿਆਨ ਦੇ ਪੀਰੀਅਡ ਵਿਚ ਉਨ੍ਹਾਂ ਨੇ ਪ੍ਰੇਮ ਪ੍ਰਕਾਸ਼ ਸਿੰਘ ਦੀ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਕਿਸੇ ਕਿਤਾਬ ਦੀ ਬਹੁਤ ਪ੍ਰਸ਼ੰਸਾ ਕੀਤੀ। ਉਹ ਕਿਤਾਬ ਲੈਣ ਲਾਇਬ੍ਰੇਰੀ ਗਿਆ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਤੇ ਪ੍ਰੇਮ ਪ੍ਰਕਾਸ਼ ਕਹਾਣੀਕਾਰ ਦੇ ਭੇਦ ਦਾ ਨਹੀਂ ਪਤਾ ਸੀ। ਸਾਹਿਤ ਨਾਲ ਮੇਰਾ ਦੂਰ ਦਾ ਵਾਸਤਾ ਵੀ ਨਹੀਂ ਸੀ। ਕਹਾਣੀਆਂ ਤਾਂ ਕਦੀ ਸਿਲੇਬਸ ਦੀਆਂ ਵੀ ਨਹੀਂ ਪੜ੍ਹੀਆਂ ਸੀ। ਸ਼ਿਵ ਕੁਮਾਰ ਦੀ ਕਵਿਤਾਵਾਂ ਦੀ ਕੋਈ ਕਿਤਾਬ ਮੈਂ ਮੋਟਰ ’ਤੇ ਮੰਜੇ ’ਤੇ ਲੰਮੇ ਪੈ ਕੇ ਪੜ੍ਹੀ ਸੀ। ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਪੜ੍ਹ ਕੇ ਮੇਰਾ ਵੀ ‘ਫੁੱਲ’ ਜਾਂ ‘ਤਾਰਾ’ ਬਣਨ ਨੂੰ ਜੀਅ ਕੀਤਾ ਸੀ।

ਉਸ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਇਬਰੇਰੀ ਵਿੱਚੋਂ ਦੋ ਕਿਤਾਬਾਂ ਕਢਵਾਈਆਂ ਸਨ। ਪ੍ਰੇਮ ਪ੍ਰਕਾਸ਼ ਦੀ ‘ਪ੍ਰੇਮ ਕਹਾਣੀਆਂ’ ਤੇ ‘ਹੀਰ ਵਾਰਿਸ’। ਇਨ੍ਹਾਂ ਕਿਤਾਬਾਂ ਦੇ ਭਾਵਾਂ ਤੋਂ ਹੀ ਸਪਸ਼ਟ ਹੈ ਕਿ ਮੈਂ ਰੁਮਾਂਟਿਕ ਪੜ੍ਹਨ ਦਾ ਸ਼ੌਕੀਨ ਸਾਂ। ਇਨ੍ਹਾਂ ਦੋਵੇਂ ਕਿਤਾਬਾਂ ਵਿਚ ਸ਼ਿਲਪ ਅਤੇ ਸੁਹਜ ਦੇ ਸੁਹਣੇ ਕੂਲੇ ਫੁੱਲ ਸਨ ਜਿਨ੍ਹਾਂ ਨੇ ਮੈਨੂੰ ਲਿਖਣ ਦੀ ਚੇਟਕ ਲਾਈ। ਆਉਂਦਾ ਹੋਇਆ ਮਦਾਨ ਬੁੱਕ ਸ਼ਾਪ ਤੋਂ ‘ਕਹਾਣੀ ਪੰਜਾਬ’ ਖ਼ਰੀਦ ਲਿਆਇਆ। ਕਿਉਂਕਿ ਉਸ ਵਿਚ ਬਲਜਿੰਦਰ ਨਸਰਾਲੀ ਦੀ ਪ੍ਰਸਿੱਧ ਕਹਾਣੀ ‘ਸੂਰਜਵੰਸ਼ੀ’ ਛਪੀ ਸੀ। ਪਿੰਡ ਆ ਕੇ ਫਿਰ ਤਾਸ਼ ਦਾ ਦੌਰ ਸ਼ੁਰੂ ਹੋ ਗਿਆ। ਸੱਥ ਵਿਚ ਬੈਠਾ ਨੇਕ ਆਪਣੀ ਕੈਨੇਡਾ ਗਈ ਭਰਜਾਈ ਦੀਆਂ ਗੱਲਾਂ ਮਸਾਲੇ ਲਾ-ਲਾ ਦੱਸਦਾ, “ਮੈਂ ਸੁਣਿਆ ਭਾਈ ਸਾਹਬ ਉਹਨੇ ਉੱਥੇ ਵਾਲ ਕਟਾ ਲਏ, ਜਮ੍ਹਾਂ ਮੇਮ ਅਰਗੀ ਬਣਗੀ … ਮੈਂ ਸੁਣਿਆ ਭਾਈ ਸਾਹਬ ਉੱਥੇ ਉਹਦੇ ਮੁੰਡੇ ਵੀ ਆ।” ਇਨ੍ਹਾਂ ਗੱਲਾਂ ਨੂੰ ਆਧਾਰ ਬਣਾ ਕੇ ਕਹਾਣੀ ‘ਨਹੁੰਆਂ ਨਾਲੋਂ ਵੱਖ ਹੋਇਆ ਮਾਸ’ (ਸੱਤ ਬਗਾਨੇ) ਲਿਖੀ। ਰਾਮ ਸਰੂਪ ਅਣਖੀ ਜੀ ਹੋਰਾਂ ਨੇ ਕਹਾਣੀ ਦਾ ਮੁਕਾਬਲਾ ਕਰਵਾਇਆ ਸੀ। ਕਹਾਣੀ ਉਨ੍ਹਾਂ ਨੂੰ ਭੇਜ ਦਿੱਤੀ ਕੱਚਾ ਕਾਲਜ ਰੋਡ, ਬਰਨਾਲਾ ਦੇ ਐਡਰੈਸ ‘ਤੇ। ਪਰ ਮੈਨੂੰ ਪਤਾ ਨਹੀਂ ਸੀ ਆਪਣਾ ਐਡਰੈੱਸ ਵੀ ਲਿਖੀਦਾ ਹੈ। ਅਣਖੀ ਹੋਰਾਂ ਨੇ ਕਹਾਣੀ ਨੂੰ ਇਨਾਮ ਦੇ ਦਿੱਤਾ।

ਬਲਜਿੰਦਰ ਨਸਰਾਲੀ ਨੇ ਕਾਫੀ ਸਮੇਂ ਬਾਅਦ ਮੈਨੂੰ ਪੁੱਛਿਆ, “ਕਹਾਣੀ ਤੈਂ ਲਿਖੀ ਆ?”

ਮੇਰੀ ਜਿਵੇਂ ਚੋਰੀ ਫੜੀ ਗਈ ਹੋਵੇ। ਮੈਂ ਝਕਦੇ ਨੇ ਕਿਹਾ, “ਹਾਂ, ਲਿਖੀ ਤਾਂ ਸੀ। ਪਰ ਉਹਦੀ ਕਾਪੀ ਮੇਰੇ ਕੋਲ ਹੈ ਨੀ। ਬਲਜਿੰਦਰ ਨੂੰ ਕਾਫੀ ਸਮਾਂ ਪਹਿਲਾਂ ਮੈਂ ਪੁੱਛਿਆ ਸੀ ਕਿ ‘ਮੈਗਜ਼ੀਨ’ ਨੂੰ ਕਹਾਣੀ ਕਿਵੇਂ ਭੇਜੀਦੀ ਆ।’ ਮੈਂ ਸੋਚਿਆ ਉਹ ਇਸ ਲਈ ਹੀ ਪੁੱਛ ਰਿਹਾ ਹੋਵੇਗਾ। ਪਰ ਉਹਨੇ ਦੱਸਿਆ “ਤੂੰ ਬੜੀ ਵਧੀਆ ਕਹਾਣੀ ਲਿਖੀ ਆ। ਰਾਮ ਸਰੂਪ ਅਣਖੀ ਤੈਨੂੰ ਜਲੰਧਰ ਲੱਭਦਾ ਫਿਰਦਾ ਸੀ। ਸਾਹਿਤਕ ਸਮਾਗਮ ਵਿਚ ਉਨ੍ਹਾਂ ਕਿਸੇ ਨੂੰ ਪੁੱਛਿਆ ਸੀ ਇਹ ਜਤਿੰਦਰ ਕੌਣ ਆ? ਉਹਨੇ ਤੇਰੀ ਕਹਾਣੀ ਨੂੰ ਇਨਾਮ ਦਿੱਤਾ।”

ਮੈਨੂੰ ਬਲਜਿੰਦਰ ਦੀਆਂ ਗੱਲਾਂ ‘ਤੇ ਯਕੀਨ ਨਾ ਆਵੇ। ਰਾਮ ਸਰੂਪ ਅਣਖੀ ਐਡਾ ਵੱਡਾ ਲੇਖਕ ਆ। ਭਲਾ ਉਹਨੂੰ ਕੀ ਲੋੜ ਐ ਮੈਨੂੰ ਲੱਭਣ ਦੀ। ਉਸ ਦਿਨ ਮੈਨੂੰ ਕਾਫੀ ਰਾਤ ਤਕ ਨੀਂਦ ਨਾ ਆਈ। ਉਸ ਦਿਨ ਮੈਨੂੰ ਐਂ ਲੱਗਿਆ ਸੀ, ਕੋਈ ਹੋਰ ਕੰਮ ਕਰਨ ਨਾਲੋਂ ਇਹ ਲਿਖਣ ਦਾ ਸੌਖਾ ਕੰਮ ਕਰਾਂਗਾ। ਕਹਾਣੀ ਲਿਖਣ ਨਾਲ ਪੈਸੇ ਮਿਲ ਜਾਂਦੇ ਸੀ। ਇਨਾਮ ਮਿਲਣ ਨੂੰ ਮੈਂ ਪੈਸੇ ਮਿਲਣਾ ਹੀ ਸਮਝਿਆ ਸੀ। ਬਾਅਦ ਵਿਚ ਪਤਾ ਲੱਗਾ ਇਹ ਤਾਂ ਭੁੱਖੇ ਮਰਨਾ ਆਲ਼ਾ ਸੌਦਾ ਆ।

ਕਹਾਣੀਆਂ ਲਿਖਣ ਪਿੱਛੇ ਸ਼ਾਇਦ ਮੇਰਾ ਚੁੱਪ ਰਹਿਣਾ ਸੁਭਾਅ ਵੀ ਸੀ। ਦੂਜਾ ਉਦਾਸੀ ਰੋਗ ਵੀ ਹੈ, ਜਿਹੜਾ ਮੈਨੂੰ ਲੈ ਕੇ ਬੈਠ ਜਾਂਦਾ। ਮਾੜੀ ਜਿਹੀ ਗੱਲ ਨੂੰ ਦਿਲ ‘ਤੇ ਲਾ ਲੈਂਦਾ ਹਾਂ। ਕੋਈ ਮੇਰਾ ਦਿਲ ਦੁਖਾ ਦੇਵੇ ਜਾਂ ਮੇਰੇ ਕੋਲੋਂ ਕਿਸੇ ਦਾ ਦਿਲ ਦੁਖਾਇਆ ਜਾਵੇ ਤਾਂ ਸਾਰੀ ਰਾਤ ਨੀਂਦ ਨਹੀਂ ਆਉਂਦੀ। ਇਹ ਮੇਰੇ ਵਿਚ ਬਹੁਤ ਵੱਡਾ ਔਗੁਣ ਹੈ ਜਿਹੜਾ ਮੈਂ ਚਾਹ ਕੇ ਵੀ ਸੁਧਾਰ ਨਹੀਂ ਸਕਿਆ। ਮੈਂ ਬਹੁਤ ‘ਨਾਨ-ਸੋਸ਼ਲ’ ਹਾਂ। ਐਵੇਂ ਕਿਸੇ ਦੇ ਉੱਤੇ ਜਿਹੇ ਚੜ੍ਹੀ ਜਾਣਾ ਜਾਂ ਹੇਠਾਂ ਜਿਹੇ ਵੜੀ ਜਾਣਾ ਮੈਨੂੰ ਨਹੀਂ ਆਉਂਦਾ। ਡਾ. ਸੁਰਜੀਤ ਕਹਿੰਦਾ ਹੁੰਦਾ, “ਜਤਿੰਦਰ ਨੂੰ ਮਿਲ ਕੇ ਲਗਦਾ ਕਿ ਅਸੀਂ ਇਹਨੂੰ ਮਿਲੇ ਈ ਨਹੀਂ।”

ਮੈਂ ਸੱਥ ਦਾ ਬੰਦਾ ਹਾਂ। ਮੇਰਾ ਸੱਥ ਦੇ ਬੰਦੇ ਤੋਂ ਭਾਵ ਉਹ ਬੰਦਾ ਹੈ ਜਿਹੜਾ ਆਪਣੀਆਂ ਕੱਛ ਵਿਚ ਤੇ ਲੋਕਾਂ ਦੀਆਂ ਹੱਥ ਵਿਚ ਲਈ ਫਿਰਦਾ। ਇਨ੍ਹਾਂ 21 ਕਹਾਣੀਆਂ ਵਿਚ ਮੈਂ ਆਪਣੇ ਬਾਰੇ ਇਕ ਗੱਲ ਕਦੀ ਵੀ ਨਹੀਂ ਲਿਖੀ। ਜੋ ਦੁਖਾਂਤ ਮੇਰੇ ਨਾਲ ਵਾਪਰੇ ਨੇ ਉਨ੍ਹਾਂ ਬਾਰੇ ਕਈ ਵੱਡੇ ਨਾਵਲ ਲਿਖੇ ਜਾ ਸਕਦੇ ਸੀ। ਮੈਂ ਜਿੰਨੀਆਂ ਮਰਜ਼ੀ ਗੱਪਾਂ ਮਾਰੀ ਜਾਵਾਂ ਤੇ ਆਖੀ ਜਾਵਾਂ ਮੈਂ ਖੁੱਲ੍ਹੀ ਕਿਤਾਬ ਹਾਂ ਪਰ ਇਹ ਗੱਲ ਸੱਚ ਨਹੀਂ। ਮੈਂ ਆਪਣੇ ਆਪ ਨੂੰ ਬਹੁਤ ਲੁਕੋ ਕੇ ਰੱਖਾਂਗਾ। ਡਾ. ਸਰਘੀ ਦੀ ਗੱਲ ਸੱਚ ਹੈ, “ਜਤਿੰਦਰ ਜੋ ਤੂੰ ਦਿਸਦਾਂ, ਉਹ ਹੈ ਨਹੀਂ। ਤੂੰ ਕੋਝ ਹੋਰ ਏਂ।” ਉਨ੍ਹਾਂ ਨੇ ਮੇਰੀਆਂ ਕਹਾਣੀਆਂ ਬਾਰੇ ਲਿਖਿਆ ਸੀ, “ਡਲਹੌਜ਼ੀ ਕਹਾਣੀ ਗੋਸ਼ਟੀ ’ਤੇ ਮਿਲੇ ਸੀ। ਸ਼ਾਇਦ ਮੇਰੀ ‘ਹਾਂ ਜੀ, ਹਾਂ ਜੀ’ ਸੁਣ ਕੇ ਇਹ ਗੱਲ ਕਹੀ ਸੀ ‘ਦੇਖਣ ਨੂੰ ਬੜਾ ਮਾਸੂਮ ਲੱਗਦੈ … ਪਰ ਕਹਾਣੀਆਂ …!”

ਬਹੁਤੀਆਂ ਕਹਾਣੀਆਂ ਉਦੋਂ ਲਿਖੀਆਂ ਜਦੋਂ ਮੈਂ ਬਹੁਤ ਦੁੱਖ ਵਿਚ ਸੀ। ਮੈਂ ਇਸ ਦੁਨੀਆ ਤੋਂ ਦੂਰ ਭੱਜਦਾ ਹਾਂ। ਕਹਾਣੀ ਲਿਖਦਿਆਂ ਮੈਂ ਆਪਣੀ ਦੁਨੀਆ ਵਸਾਉਂਦਾ ਹਾਂ। ਪਾਤਰਾਂ ਦੇ ਦੁੱਖ-ਸੁੱਖ ਸਹਿੰਦਾ ਆਨੰਦ ਮਾਣਦਾ ਹਾਂ। ਬਾਹਰਲੇ ਸਾਰੇ ਦੁੱਖ ਭੁੱਲ ਜਾਂਦਾ ਹਾਂ। ਕਹਾਣੀ ਲਿਖਦੇ ਸਮੇਂ ਮੈਂ ਦੁਨੀਆ ਦਾ ਸਭ ਤੋਂ ਸੁਖੀ ਬੰਦਾ ਹਾਂ। ਬੜਾ ਆਨੰਦ ਹੈ ਕਹਾਣੀ ਲਿਖਣ ਵਿਚ।

ਵੱਡੇ ਭੂਆ ਜੀ ਜਦੋਂ ਮਿਲਣ ਆਉਂਦੇ ਤਾਂ ਅਸੀਂ ਸ਼ਾਮ ਨੂੰ ਉਨ੍ਹਾਂ ਦੁਆਲੇ ਕਹਾਣੀ ਸੁਣਨ ਲਈ ਬੈਠ ਜਾਂਦੇ। ਉਹ ਕਹਾਣੀ ਸੁਣਾਉਂਦੇ, ਮੈਂ ਬਹੁਤ ਧਿਆਨ ਨਾਲ ਸੁਣਦਾ ਹੋਇਆ ਚੁੱਪ ਬੈਠਾ ਰਹਿੰਦਾ। ਉਹ ਆਖਦੇ, “ਜਤਿੰਦਰ ਪੁੱਤਰਾ, ਜੇ ਕਹਾਣੀ ਸੁਣਨੀ ਹੈ ਤਾਂ ਹੁੰਗਾਰਾ ਭਰ। ਕਹਾਣੀ ਤਾਂ ਹੁੰਗਾਰੇ ਦੀ ਹੁੰਦੀ ਹੈ। ਸੁਣਾਉਣ ਵਾਲੇ ਦਾ ਹੁੰਗਾਰਾ ਸੁਣ ਕੇ ਹੀ ਸੁਣਾਉਣ ਨੂੰ ਮਨ ਕਰਦਾ।” ਜੇ ਹੁੰਗਾਰੇ ਦੀ ਗੱਲ ਬਹੁਤ ਹੀ ਨਿਮਰਤਾ ਨਾਲ ਕਰਨੀ ਹੋਵੇ ਤਾਂ ਪਾਠਕਾਂ, ਲੇਖਕਾਂ, ਆਲੋਚਕਾਂ ਦਾ ਮੇਰੀਆਂ ਕਹਾਣੀਆਂ ਨੂੰ ਜੋ ਹੁੰਗਾਰਾ ਮਿਲਿਆ, ਬੱਸ ਕੋਈ ਅੰਤ ਨਹੀਂ …  ਖ਼ਤ ਅਤੇ ਫੋਨ ਏਨੇ ਆਉਂਦੇ ਹਨ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਏਨੀ ਦੁਨੀਆ ਸਾਹਿਤ ਪੜ੍ਹਦੀ ਹੈ।

ਕਹਾਣੀਕਾਰ ਨਾਲ ਇਕ ਦੁਖਾਂਤ ਵਾਪਰ ਜਾਂਦਾ ਹੈ ਮੇਰੇ ਬੀਜੀ ਕਹਿੰਦੇ ਹੁੰਦੇ ਆ, ਜਤਿੰਦਰ, ਐਵੇਂ ਕਹਾਣੀਆਂ ਨਾ ਬਣਾ।” ਜੋ ਗੱਲਾਂ ਉੱਪਰ ਕੀਤੀਆਂ ਨੇ ਹੋ ਸਕਦਾ ਇਹ ਕਹਾਣੀਆਂ ਹੀ ਹੋਣ … ਕਹਾਣੀ ਮੇਰੀ ਸੁੱਚਾ ਇਸ਼ਕ ਹੈ। ਇਹ ਸੱਚ ਹੈ।

***

ਕਹਾਣੀ: ਨਹੁੰਆਂ ਨਾਲੋਂ ਵੱਖ ਹੋਇਆ ਮਾਸ

ਮੈਂ ਪਿੰਡ ਤੋਂ ਕਾਫੀ ਦੂਰ ਨਿਕਲ ਆਇਆ ਸਾਂ। ਸਾਹਮਣੇ ਦਰਖ਼ਤਾਂ ਓਹਲੇ ਸੂਰਜ ਡੁੱਬ ਰਿਹਾ ਸੀ। ਮੈਂ ਵਾਪਸ ਮੁੜ ਪਿਆ। ਕਿੰਨਾ ਕੁਝ ਬਦਲ ਗਿਆ ਸੀ ਇਨ੍ਹਾਂ ਦਸਾਂ ਸਾਲਾਂ ਵਿਚ। ਇਸ ਤਰ੍ਹਾਂ ਲਗਦਾ ਸੀ ਜਿਵੇਂ ਕਿਸੇ ਹੋਰ ਧਰਤੀ ਉੱਤੇ ਹੋਵਾਂ।

ਤਾਇਆ ਜੋਗਿੰਦਰ ਸਿੰਘ ਦੇ ਖੂਹ ਦੇ ਪਹੇ ਉੱਤੇ ਆ ਕੇ ਮੇਰੇ ਪੈਰ ਰੁਕ ਗਏ। ਇੱਥੇ ਵੀ ਦੋ ਮੋਟਰਾਂ ਲੱਗ ਚੁੱਕੀਆਂ ਹਨ। ਇਸ ਦਾ ਮਤਲਬ ਸੀ, ਭੀਰ ਅਤੇ ਚੇਤ ਵੀ ਅੱਡ ਹੋ ਗਏ। ਕਿੰਨਾ ਪਿਆਰ ਸੀ ਦੋਵਾਂ ਭਰਾਵਾਂ ਦਾ ਆਪਸ ਵਿਚ, ਸੂਈ ਨਹੀਂ ਸੀ ਸਿੰਮਦੀ। ਜਦੋਂ ਅਸੀਂ ਦੋਵੇਂ ਭਰਾ ਲੜ ਪਿਆ ਕਰਦੇ ਸਾਂ ਤਾਂ ਬੇਬੇ ਕਿਹਾ ਕਰਦੀ ਸੀ, “ਇਹ ਮੁੰਡੇ ਤਾਂ ਮੇਰੀ ਜਾਨ ਲੈਣਗੇ। ਹਰ ਵੇਲੇ ਲੜਦੇ ਰਹਿੰਦੇ ਨੇ। ਵੇ ਕਦੇ ਭੀਰ ਤੇ ਚੇਤ ਵੀ ਲੜਦੇ ਸੁਣੇ ਨੇ? ਇਸ ਤਰ੍ਹਾਂ ‘ਕੱਠੇ ਰਹਿੰਦੇ ਨੇ ਜਿਵੇਂ ਰਾਮ-ਲਛਮਣ ਹੋਣ।”

ਤਾਏ ਜੋਗਿੰਦਰ ਸਿੰਘ ਨਾਲ ਬਾਪੂ ਸੀਰੀ ਰਲਿਆ ਹੁੰਦਾ ਸੀ। ਮੈਂ ਕੰਮ ਕਰਨ ਲਈ ਕਦੇ-ਕਦੇ ਇਨ੍ਹਾਂ ਦੇ ਖੇਤ ਜਾਇਆ ਕਰਦਾ ਸਾਂ। ਬਾਪੂ ਬਿਮਾਰ ਹੋ ਗਿਆ। ਭੀਰ ਦਾ ਵਿਆਹ ਹੋਇਆ ਸੀ ਉਸ ਸਾਲ। ਬਾਪੂ ਦੀ ਥਾਂ ਕੰਮ ਕਰਨ ਮੈਨੂੰ ਜਾਣਾ ਪਿਆ। ਸਿਆਲਾਂ ਦੇ ਦਿਨ ਸਨ। ਧੁੰਦ ਪੈ ਰਹੀ ਸੀ। ਮੈਂ ਕਣਕ ਨੂੰ ਪਾਣੀ ਲਾ ਰਿਹਾ ਸਾਂ। ਚੇਤ ਮੇਰੀ ਚਾਹ ਲੈ ਆਇਆ ਸੀ। ਮੇਰਾ ਚੇਤ ਨਾਲ ਕਾਫੀ ਮੋਹ ਸੀ। ਦਸਵੀਂ ਤਕ ਇਕੱਠੇ ਪੜ੍ਹੇ ਸੀ। ਇਕ-ਦੂਜੇ ਨਾਲ ਹਾਸਾ-ਮਖ਼ੌਲ ਵੀ ਕਰ ਲਿਆ ਕਰਦੇ ਸਾਂ।

“ਲੈ ਚਾਹ ਪੀ ਲੈ।” ਉਹਨੇ ਬਾਪੂ ਵਾਲੇ ਸਿਲਵਰ ਦੇ ਕੱਪ ਵਿਚ ਚਾਹ ਪਾਉਂਦਿਆਂ ਕਿਹਾ।

“ਮਾਰ ਲਏ ਤੁਸੀਂ ਜੱਟਾਂ ਨੇ,” ਮੈਂ ਠੰਢ ਨਾਲ ਕੰਬ ਰਿਹਾ ਸੀ।

“ਉਦੋਂ ਤਾਂ ਪੁੱਤ, ਜਦੋਂ ਰੱਬ ਲੋਕਾਂ ਨੂੰ ਕੰਮ ਵੱਡਦਾ ਸੀ, ਜੱਟ ਨੇ ਜਵਾਬ ਦੇ ਦਿੱਤਾ ਬਈ ਮੈਤੋਂ ਨਹੀਂ ਖੇਤੀ ਦਾ ਔਖਾ ਕੰਮ ਹੋਣਾ। ਤਾਂ ਤੁਹਾਡਾ ਵੱਡ-ਵਡੇਰਾ ਕਹਿੰਦਾ, ਹੌਸਲਾ ਰੱਖ, ਮੈਂ ਹੱਥ ਵਟਾਊਂ। ਹੁਣ ਕਹਿਨੈਂ, ਜੱਟਾਂ ਨੇ ਮਾਰ ਲੇ।”

“ਉਹਨੇ ਤਾਂ ਹੱਥ ਵਟਾਉਣ ਨੂੰ ਕਿਹਾ ਸੀ, ਪਰ ਤੁਸੀਂ ਤਾਂ ਸਾਰਾ ਕੰਮ ਸਾਡੇ ਕੋਲੋਂ ਕਰਵਾਉਂਦੇ ਓਂ।”

ਮੇਰੀ ਗੱਲ ਸੁਣ ਕੇ ਉਹ ਹੱਸ ਪਿਆ ਅਤੇ ਬੋਲਿਆ, “ਕੰਬੀ ਕਿਉਂ ਜਾਨੈਂ, ਚਾਹ ਪੀ।”

“ਤੈਨੂੰ ਠੰਢ ਲੱਗਣੀ ਐ, ਤੂੰ ਤਾਂ ਭਰਜਾਈ ਕੋਲੋਂ ਉੱਠ ਕੇ ਆਇਐਂ। ਸੁਣਿਐਂ, ਭਰਜਾਈ ਪਰੀਆਂ ਵਰਗੀ ਐ।” ਗਰਮ-ਗਰਮ ਗੱਲਾਂ ਨਾਲ ਮੇਰੀ ਠੰਢ ਘਟ ਗਈ। “ਮਾਰ ਲਿਆ ਕਰ ਹੱਥ-ਪੱਲਾ,” ਮੈਂ ਹੱਸਦੇ ਨੇ ਚਾਹ ਦਾ ਕੱਪ ਮੂੰਹ ਨੂੰ ਲਾਇਆ।

“ਤੇਰੀ ਮਾਂ ਦੀ ਗਿੱਟਲ ਦੀ …” ਚੇਤ ਦੇ ਥੱਪੜ ਨੇ ਮੇਰੀ ਸੁਰਤ ਘੁਮਾ ਦਿੱਤੀ। ਥੱਪੜ ਸੀ ਜਾਂ ਹਥੌੜਾ … ਮੇਰੀ ਗੱਲ੍ਹ ਸੁੰਨ ਹੋ ਗਈ। ਚਾਹ ਮੇਰੇ ਉੱਤੇ ਡੁੱਲ੍ਹ ਗਈ। ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਕਿ ਮੈਂ ਕੀ ਕਹਿ ਬੈਠਾ ਸਾਂ। ਮੈਂ ਕੰਮ ਛੱਡ ਕੇ ਘਰੇ ਜਾ ਬੈਠਾ। ਬਾਪੂ ਅਤੇ ਤਾਏ ਦੇ ਕਹਿਣ ’ਤੇ ਵੀ ਨਾ ਗਿਆ।

“ਕਿਵੇਂ ਖੜ੍ਹੈਂ ਫੌਜੀਆ?” ਕਿਸੇ ਜਾਣੀ-ਪਛਾਣੀ ਆਵਾਜ਼ ਨੇ ਮੇਰੀ ਸੋਚਾਂ ਦੀ ਲੜੀ ਤੋੜੀ। “ਤੂੰ ਤਾਂ ਈਦ ਦਾ ਚੰਦ ਈ ਹੋ ਗਿਆ, ਕੋਹੜੀਆ?” ਇਹ ਤਾਂ ਚੇਤ ਸੀ। ਉਸ ਨੇ ਮੈਨੂੰ ਜੱਫੀ ਵਿਚ ਘੁੱਟ ਲਿਆ।

“ਤੂੰ ਹੀ ਨਹੀਂ ਮਿਲਿਆ ਕਦੀ,” ਮੈਂ ਬੇਦਿਲੀ ਜਿਹੀ ਨਾਲ ਕਿਹਾ। ਉਸ ਦੇ ਮੂੰਹ ਵਿੱਚੋਂ ਸ਼ਰਾਬ ਦੀ ਹਵਾੜ੍ਹ ਆਈ।

“ਚੱਲ ਖੂਹ ਉੱਤੇ ਗੱਲਾਂ ਕਰਦੇ ਆਂ।” ਉਹ ਮੇਰਾ ਹੱਥ ਫੜ ਕੇ ਤੁਰ ਪਿਆ। ਤੁਰਿਆ ਤਾਂ ਮੈਂ ਨਾਲ ਜਾ ਰਿਹਾ ਸਾਂ ਪਰ ਮੇਰਾ ਮਨ ਦੁਚਿੱਤੀ ਵਿਚ ਸੀ। ਮੈਂ ਇਸ ਨਾਲ ਜਾਵਾਂ ਜਾਂ ਨਾ? ਸਿਆਣੇ ਕਹਿੰਦੇ ਨੇ, ਜੱਟ ਅਤੇ ਝੋਟੇ ਦਾ ਖੋਰ ਬੁਰਾ। ਉਂਜ ਇਹ ਮੇਰੇ ਨਾਲੋਂ ਤਕੜਾ ਨਹੀਂ। ਕਿੰਨਾ ਕਮਜ਼ੋਰ ਹੋ ਗਿਆ ਏ। ਜਿਸ ਤਰ੍ਹਾਂ ਵਿਹਾਰ ਕਰ ਰਿਹਾ ਏ, ਇਸ ਦੇ ਮਨ ਵਿਚ ਮੈਲ ਨਹੀਂ ਲਗਦੀ। ਪਰ ਫੇਰ ਵੀ ਮੈਨੂੰ ਹੁਸ਼ਿਆਰ ਰਹਿਣਾ ਚਾਹੀਦੈ।

ਮੈਨੂੰ ਅਲਾਣੇ ਮੰਜੇ ਉੱਤੇ ਬੈਠਣ ਲਈ ਕਹਿ ਕੇ ਚੇਤ ਵੱਟ ਵਿੱਚੋਂ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਕੱਢ ਲਿਆਇਆ। ਤਿੰਨ-ਚਾਰ ਮੂਲੀਆਂ ਪੁੱਟ ਲਿਆਇਆ। ਅੰਦਰੋਂ ਕੱਚ ਦੇ ਗਲਾਸ ਲੈ ਆਇਆ ਅਤੇ ਔਲੂ ਤੋਂ ਪਾਣੀ ਦਾ ਡੱਬਾ।

“ਮੇਰੀ ਤਬੀਅਤ ਠੀਕ ਨਹੀਂ,” ਮੈਂ ਨਾ ਪੀਣ ਦਾ ਬਹਾਨਾ ਲਾਇਆ। “ਤਬੀਅਤ ਠੀਕ ਕਰਨ ਲਈ ਦਾਰੂ ਤਾਂ ਲੈਣੀ ਹੀ ਪਊਗੀ,” ਉਹ ਹੱਸਿਆ।

ਪੈੱਗ-ਪੈੱਗ ਲਾ ਕੇ ਅਸੀਂ ਸਰੂਰ ਵਿਚ ਆ ਗਏ।

“ਇਹ ਸਭ ਕੀ ਹੋ ਗਿਆ?” ਮੈਂ ਦੋ ਮੋਟਰਾਂ ਵੱਲ ਇਸ਼ਾਰਾ ਕੀਤਾ।

“ਕੁਛ ਨਾ ਪੁੱਛ। ਭੀਰ ਨੇ ਤਾਂ ਮੇਰੇ ਨਾਲ ਉਹ ਕੀਤੀ ਜਿਹੜੀ ਸੱਤ ਬਗਾਨੇ ਵੀ ਨਹੀਂ ਕਰਦੇ। ਤੂੰ ਜਾਣਦਾ ਹੀ ਏਂ, ਲਾਣੇਦਾਰੀ ਤਾਂ ਬਾਪੂ ਦੇ ਜਿਉਂਦੇ ਹੀ ਇਹਦੀ ਸੀ। ਪੰਜ ਕਰੇ, ਪੰਜਾਹ ਕਰੇ, ਕਦੇ ਕਿਸੇ ਨੇ ਨਹੀਂ ਸੀ ਪੁੱਛਿਆ। ਮੇਰੇ ਨਿਆਣੇ ਪੰਜੀ-ਪੰਜੀ ਨੂੰ ਤਰਸਦੇ ਰਹੇ। ਇਹ ਸਰਦਾਰ ਐਸ਼ ਕਰਦਾ ਰਿਹਾ। ਬਾਪੂ ਮਰੇ ਤੋਂ ਤਾਂ ਹੋਰ ਵੀ ਤੰਗ ਕਰ ਦਿੱਤੇ। ਕਦੇ ਕਿਸੇ ਬਿਮਾਰ ਹੋਏ ਤੋਂ ਪੈਸੇ ਮੰਗਣੇ ਤਾਂ ਇਹਨੇ ਅੱਗੋਂ ਖ਼ਰਚ ਗਿਣਾਉਣ ਲੱਗ ਪੈਣਾ। ਤੀਵੀਆਂ ਦੀ ਲੜਾਈ ਵੀ ਅੰਤੋਂ ਬਾਹਲੀ ਰਹਿਣ ਲੱਗੀ। ਮੈਂ ਤਾਂ ਫੇਰ ਵੀ ਔਖਾ-ਸੌਖਾ ਕੱਟ ਲੈਂਦਾ। ਪਰ ਕਾਣੇ ਬਚਨੇ ਦੀ ਜ਼ਮੀਨ ਦਾ ਕੀਲਾ ਬੈਅ ਲਿਆ, ਤਾਂ ਉਸ ਦੀ ਰਜਿਸਟਰੀ ਵੀ ਆਬਦੇ ਨਾਂ ਕਰਵਾ ਲਈ। ਮੇਰੇ ਪੁੱਛਣ ਤੇ ਕਹਿਣ ਲੱਗਿਆ, ‘ਮੈਂ ਸਹੁਰਿਆਂ ਤੋਂ ਪੈਸੇ ਲਿਆ ਕੇ ਜਮੀਨ ਲਈ ਐ। ਹੁਣ ਤੂੰ ਹੀ ਦੱਸ, ਜਿਹੜੇ ਨੰਗਾਂ ਤੋਂ ਵਿਆਹ ਨੂੰ ਕੁਝ ਨਹੀਂ ਸਰਿਆ, ਇਹਨੂੰ ਸਰਦਾਰ ਨੂੰ ਕੀਲਾ ਲੈਣ ਨੂੰ ਪੈਸੇ ਕਿੱਥੋਂ ਦੇ ਦਿੱਤੇ? ਹਾਰ ਕੇ ਮੈਂ ਕਿਹਾ, ਭਾਈ ਮੈਨੂੰ ਤਾਂ ਅੱਡ ਕਰ ਦੇ। ਪੰਚਾਇਤ ਇਹਨੇ ਆਬਦੇ ਹੱਕ ਦੀ ਇਕੱਠੀ ਕੀਤੀ ਹੋਈ ਸੀ। ਸਰਪੰਚ ਮੀਤਾ ਤਾਂ ਇਹਦਾ ਪਿਆਲੇ ਦਾ ਯਾਰ ਐ। ਜਿਹੜੇ ਮੈਂ ਦੋ-ਚਾਰ ਬੰਦੇ ਲਿਆਂਦੇ, ਉਹ ਵੀ ਇਹਦੀ ਹਾਮੀ ਭਰਨ। ਉੱਪਰੋਂ ਅੱਡ ਹੋਣਾ ਮੇਰੀ ਮਜਬੂਰੀ ਸੀ, ਇਹਦੀ ਨਹੀਂ। ਪੰਚਾਇਤ ਨੇ ਨਾ ਤਾਂ ਬੈਅ ਲਏ ਕੀਲੇ ਵਿੱਚੋਂ ਹਿੱਸਾ ਦਿਵਾਇਆ। ਉੱਪਰੋਂ ਪੰਤਾਲੀ ਹਜ਼ਾਰ ਕਰਜ਼ਾ ਮੇਰੇ ਵੱਲ ਕੱਢ ਦਿੱਤਾ। ਮੈਨੂੰ ਗੁੱਸਾ ਚੜ੍ਹ ਗਿਆ। ਮੈਂ ਕਿਹਾ, ‘ਕਰਜ਼ਾ ਤਾਂ ਮੈਂ ਦੇ ਦੇਵਾਂਗਾ ਪਰ ਅੱਜ ਤੋਂ ਇਹਦੇ ਲਈ ਮੈਂ ਮਰ ਗਿਆ, ਮੇਰੇ ਲਈ ਇਹ।” ਚੇਤ ਦਾ ਬੋਲ ਭਾਰਾ ਹੋ ਗਿਆ। ਅੱਖਾਂ ਲਾਲ ਸੁਰਖ਼ ਹਨ। ਗੁੱਸੇ ਕਾਰਨ ਜਾਂ ਸ਼ਰਾਬ ਕਾਰਨ ਜਾਂ ਪਤਾ ਨਹੀਂ ਅੱਖਾਂ ਵਿੱਚੋਂ ਵਹਿ ਰਹੇ ਪਾਣੀ ਕਾਰਨ। ਉਹਨੇ ਦੋ ਪੈੱਗ ਹੋਰ ਬਣਾਏ।

“ਇਹ ਤਾਂ ਬੜੀ ਮਾੜੀ ਕੀਤੀ ਭੀਰ ਨੇ।” ਮੈਂ ਗਲਾਸ ਫੜਦਿਆਂ ਕਿਹਾ।

“ਮੈਨੂੰ ਇਸ ਗੱਲ ਦਾ ਦੁੱਖ ਨਹੀਂ, ਫੌਜੀਆ! ਦੁੱਖ ਤਾਂ ਇਸ ਗੱਲ ਦਾ ਐ ਜਿਹੜੀ ਹੁਣ ਵਾਪਰੀ ਐ।” ਚੇਤ ਨੇ ਇਕ ਮੂਲੀ ਮੈਨੂੰ ਫੜਾਈ। ਦੂਜੀ ਉੱਤੇ ਉਹਨੇ ਇਸ ਤਰ੍ਹਾਂ ਦੰਦੀ ਵੱਢੀ ਜਿਵੇਂ ਕਿਸੇ ਕੋਲੋਂ ਬਦਲਾ ਲੈ ਰਿਹਾ ਹੋਵੇ। ਲੋਕ ਤਾਂ ਆਬਦੀਆਂ ਧੀਆਂ-ਭੈਣਾਂ ਵਿਆਹੁੰਦੇ ਨੇ, ਇਸ ਕੰਜਰ ਨੇ ਆਬਦੀ ਤੀਵੀਂ ਦਾ ਵਿਆਹ ਕੀਤੈ। ਐਨਾ ਲਾਲਚੀ ਬੰਦਾ? ਮੈਨੂੰ ਚਾਰ ਸਾਲ ਹੋਰ ਲੁੱਟ ਲੈਂਦਾ, ਪਰ ਆਹ ਜੱਗੋਂ-ਤੇਰ੍ਹਵੀਂ ਤਾਂ ਨਾ ਕਰਦਾ। ਸਾਡੇ ਤਾਂ ਖਾਨਦਾਨ ਦਾ ਨਾਂ ਹੀ ਰੋਲ ਦਿੱਤਾ।”

“ਪਰ ਲੋਕ ਤਾਂ ਕਹਿੰਦੇ ਨੇ, ਕਨੇਡਾ ਚਲੀ ਗਈ।”

“ਛੱਡ ਯਾਰ, ਤੂੰ ਵੀ ਬੱਸ ਉਹੀ ਰਿਹਾ। ਕਨੇਡਾ ਕੋਈ ਖੰਨਾ ਸ਼ਹਿਰ ਐ ਬਈ ਜਿਹੜਾ ਮਰਜ਼ੀ ਮੂੰਹ ਚੁੱਕ ਕੇ ਤੁਰ ਪਿਆ। ਉੱਥੇ ਜਾਣ ਦੇ ਵੀ ਕਾਇਦੇ-ਕਾਨੂੰਨ ਨੇ। ਜਾਂ ਤਾਂ ਬੱਚੇ ਸੱਦਦੇ ਨੇ, ਜਿਵੇਂ ਲੰਬੜਦਾਰ ਦੀ ਕੁੜੀ ਨੇ ਉਹਨੂੰ ਬਾਹਰ ਮੰਗਵਾਇਆ। ਜਾਂ ਵਿਆਹ ਕਰਵਾ ਕੇ ਜਾ ਹੁੰਦੈ, ਜਿਵੇਂ ਸਾਡੀ ਭਰਜਾਈ ਗਈ ਐ।” ਚੇਤ ਸ਼ਰਾਬ ਦਾ ਗਲਾਸ ਭਰ ਕੇ ਬਿਨਾਂ ਪਾਣੀ ਪਾਇਆਂ ਹੀ ਪੀ ਗਿਆ। ਮੈਨੂੰ ਦੇਣ ਲੱਗਿਆ ਤਾਂ ਮੈਂ ਨਾਂਹ ਕਰ ਦਿੱਤੀ।

“ਕਨੇਡਾ ਵਾਲੇ ਤਾਂ ਚੰਗੀਆਂ-ਚੰਗੀਆਂ ਨੂੰ ਨੱਕ ਥੱਲੇ ਨਹੀਂ ਕਰਦੇ। ਇਹ ਦੋ ਬੱਚਿਆਂ ਦੀ ਮਾਂ ਕੀਹਨੇ ਪਸੰਦ ਕਰ ਲੀ?”

“ਭੀਰ ਦੇ ਸਾਂਢੂ ਨੇ, ਜਿਹੜਾ ਕਨੇਡਾ ਰਹਿੰਦੈ। ਵਿਆਹ ਤਾਂ ਭਾਵੇਂ ਕਾਗਜ਼ੀ ਹੀ ਕਰਵਾਇਐ, ਪਰ ਅਗਲਾ ਕਿਹੜੀ ਘੱਟ ਗੁਜ਼ਾਰੂ! ਨਾਲੇ ਅਜੇ ਵੀ ਕੁੜੀਆਂ ਨੂੰ ਮਾਤ ਪਾਉਂਦੀ ਐ। ਤਾਂਹੀਓਂ ਤਾਂ ਅਗਲੇ ਦੀ ਨੀਤ ਮਾੜੀ ਹੋਈ ਐ।” ਦੋ ਗਲਾਸ ਦਾਰੂ ਦੇ ਭਰ ਕੇ ਉਹਨੇ ਖਾਲੀ ਬੋਤਲ ਮੰਜੇ ਥੱਲੇ ਰੇੜ੍ਹ ਦਿੱਤੀ। “ਸਾਲਾ ਨਸ਼ਾ ਈ ਨ੍ਹੀਂ ਹੋ ਰਿਹਾ।” ਉਹ ਬਿਨਾਂ ਪਾਣੀ ਪਾਇਆਂ ਸਾਰਾ ਪੈੱਗ ਡੀਕ ਗਿਆ। “ਫੌਜੀਆ, ਤੈਨੂੰ ਯਾਦ ਐ, ਜਦੋਂ ਮੈਂ ਤੇਰੇ ਨਾਲ ਲੜ ਪਿਆ ਸੀ, ਉਸ ਬਦਕਾਰ ਤੀਵੀਂ ਪਿੱਛੇ? ਤੂੰ ਠੀਕ ਸੀ। ਉਹ ਤੀਵੀਂ ਹੀ ਚਰਿੱਤਰਹੀਣ ਸੀ ਸਾਲੀ! ਆਪਾਂ ਵੀ ਵਗਦੀ ਗੰਗਾ ‘ਚ ਹੱਥ ਧੋ ਲੈਂਦੇ।” ਚੇਤ ਖਾਲੀ ਗਲਾਸ ਨੂੰ ਘੂਰ ਰਿਹਾ ਸੀ। ਮੇਰਾ ਦਿਮਾਗ ਸੁੰਨ ਹੋ ਗਿਆ ਜਿਵੇਂ ਉਦੋਂ ਥੱਪੜ ਨਾਲ ਮੇਰੀ ਗੱਲ੍ਹ ਸੁੰਨ ਹੋ ਗਈ ਸੀ। ਪਤਾ ਨਹੀਂ ਇਹ ਸ਼ਰਾਬ ਦਾ ਅਸਰ ਸੀ ਜਾਂ ਚੇਤ ਦੀਆਂ ਗੱਲਾਂ ਦਾ।

-ਜਤਿੰਦਰ ਹਾਂਸ