ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ
ਕਿ ਜਿੱਥੇ ਭੁੱਖ ਅਤੇ ਰੋਟੀ ਵਿਚਲਾ
ਫ਼ਾਸਲ਼ਾ ਬਹੁਤ ਜ਼ਿਆਦਾ ਹੈ

ਕਿ ਜਿੱਥੇ ਮਰੇ ਹੋਏ ਕੱਪੜੇ ਪਹਿਨੀਂ
ਬਹੁਤੇ ਸਰੀਰ ਮਰਨ ਲਈ
ਸਹਿਕ ਰਹੇ ਨੇ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ
ਜਿੱਥੇ ਸੱਚਾਈ ਦੇ ਤਾਪ ਦਾ
ਇਲਾਜ ਥਾਣਿਆਂ ‘ਚ ਕੀਤਾ ਜਾਂਦੈ।
ਕਿ ਜਿੱਥੇ ਪੁਲਸ ਦੀਆਂ ਧਾੜਾਂ ਵੇਖ
ਲੜ-ਮਰਨ ਦੀ ਗੱਲ ਕਰਦੇ ਲੋਕਾਂ
ਦੇ ਚਿਹਰੇ ਤੇ ਉੱਗ ਆਂਉਦੈ
”ਸ਼ਿਸ਼ਟਾਚਾਰ” ਨਾਂ ਦਾ ਖੱਬਲ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ।
ਜਿੱਥੋਂ ਦਾ ਕਾਮਾ ਅੱਜ ਵੀ,
ਚੜ ਰਹੇ ਬੁਖ਼ਾਰ ਨੂੰ,
ਕਹੀ ਦੇ ਬਾਹੇ ਤੇ ਆਪਣੀ
ਢਿੱਲੀ ਪੈ ਰਹੀ ਪਕੜ ਨਾਲ਼ ਮਿਣਦੈ।
ਕਿ ਜਿੱਥੇ ਕੁਰਕੀ ਕਰਨ ਆਏ,
ਸਰਕਾਰੀ ਅਧਿਕਾਰੀਆਂ ਨੂੰ
ਕਰਜ਼ਈ ਜੱਟ,
ਸੜ ਕੇ ਮਰਜਾਣ ਦੀ ਧਮਕੀ ਤੋਂ ਬਿਨਾ,
ਕੁੱਝ ਵੀ ਨਹੀਂ ਦੇ ਸਕਦਾ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ,
ਜਿੱਥੇ ਕਾਰਾਂ ਵਾਲ਼ੇ ਸ਼ੀਸ਼ੇ ਨੀਵੇਂ ਕਰ,
ਗੰਦੀਆਂ ਬਸਤੀਆਂ ਵੱਲ,
ਥੁੱਕ ਕੇ ਲੰਘਦੇ ਨੇ।
ਮੈਂ ਤੁਹਾਡੇ ਵਾਲ਼ੀ ਜਗ੍ਹਾ ‘ਤੇ ਨਹੀਂ ਖੜ ਸਕਦਾ,
ਕਿ ਜਿੱਥੋਂ ਹੱਡਾ ਰੋੜੀ ਦੇ ਮਾਸਖ਼ੋਰੇ ਕੁੱਤੇ,
ਮਰੀ ਹੋਈ ਮੱਝ ਦੀ, ਖੱਲ ਲਾਹੁੰਦੇ,
ਕਪੂਰੇ ਮੋਚੀ ਨੂੰ ਤ੍ਰਿਸਕਾਰ ਭਰੀਆਂ ਨਜ਼ਰਾਂ ਨਾਲ਼ ਵੇਖਦੇ ਨੇ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ
ਕਿ ਜਿੱਥੇ ਭੁੱਖ ਅਤੇ ਰੋਟੀ ਵਿਚਲਾ
ਫ਼ਾਸਲਾ ਬਹੁਤ ਜ਼ਿਆਦਾ ਹੈ…।

—ਸੁਖਦੇਵ ਸਿੰਘ, ਦਿਆਲ ਪੁਰਾ ਮਿਰਜਾ