ਮੰਜੇ ਦੀ ਦੌਣ

ਮੈਂ ਅਜੇ ਆਪਣੀ ਸੀਟ ’ਤੇ ਬੈਠਿਆ ਹੀ ਸੀ ਕਿ ਮੇਰੇ ਕੈਬਨ ਦਾ ਦਰਵਾਜ਼ਾ ਝਟਕਾ ਦੇ ਕੇ ਕਿਸੇ ਨੇ ਖੋਲ੍ਹਿਆ। ਪਹਿਲਾਂ ਤਾਂ ਮੈਂ ਕਰੋਧਤ ਹੋ ਗਿਆ, ਪਰ ਅੰਦਰ ਆਉਣ ਵਾਲਾ ਮੇਰਾ ਇੱਕ ਮੁਲਾਜ਼ਮ ਸੀ, ਜਿਸ ਆਪਣੇ ਹੱਥ ਵਿੱਚ ਮਿਠਾਈ ਦਾ ਡੱਬਾ ਫੜਿਆ ਹੋਇਆ ਸੀ ਤੇ ਉਹ ਕਹਿਣ ਲੱਗਾ, “ਸਰ, ਮੂੰਹ ਮਿੱਠਾ ਕਰੋ। ਖੁਸ਼ਖਬਰੀ ਹੈ, ਮੇਰੇ ਲੜਕਾ ਹੋਇਆ ਹੈ।”

ਮੈਂ ਗੁੱਸੇ ਉੱਤੇ ਕਾਬੂ ਪਾਉਂਦੇ ਹੋਏ ਕਿਹਾ, “ਮਿਸਟਰ ਸਿੰਗਲ, ਮੁਬਾਰਕ ਹੋਵੇ।”

ਉਹ ਅੱਗੋਂ ਬੋਲਿਆ, “ਸਰ, ਮੈਂ ਸਭ ਤੋਂ ਪਹਿਲਾਂ ਤੁਹਾਡੇ ਪਾਸ ਆਇਆ ਹਾਂ। ਤੁਸੀਂ ਮੇਰੇ ਅਫਸਰ ਹੋ। ਤੁਹਾਡੇ ਤੋਂ ਹੀ ਮਠਿਆਈ ਵੰਡਣੀ ਸ਼ੁਰੂ ਕੀਤੀ ਹੈ।”

ਮੈਂ ਮਠਿਆਈ ਦੇ ਡੱਬੇ ਵਿੱਚੋਂ ਇਕ ਪੀਸ ਚੁੱਕ ਕੇ ਕਿਹਾ, “ਧੰਨਵਾਦ।”

ਅੱਗੋਂ ਉਹ ਕਹਿਣ ਲੱਗਾ, “ਨਾ ਸਰ, ਇੱਕ ਪੀਸ ਹੋਰ ਲਓ। ਮੈਂ ਅੱਜ ਬਹੁਤ ਖੁਸ਼ ਹਾਂ। ਮੇਰੀਆਂ ਪਹਿਲਾਂ ਦੋ ਲੜਕੀਆਂ ਹਨ, ਉਨ੍ਹਾਂ ਦਾ ਭਰਾ ਆ ਗਿਆ ਹੈ, ਰੱਖੜੀ ਬੰਨ੍ਹਵਾਉਣ ਵਾਲਾ। ਵੈਸੇ ਸਰ, ਲੜਕੀਆਂ ਬਹੁਤ ਪਿਆਰੀਆਂ ਹੁੰਦੀਆਂ ਹਨ, ਪਰ ਸਰ, ਦੁਨੀਆਂ ਨਹੀਂ ਜਿਊਣ ਦੇਂਦੀ। ਹੁਣ ਰੱਬ ਦਾ ਸ਼ੁਕਰ ਹੈ ਲੋਕੀਂ ਤਾਂ ਚੁੱਪ ਹੋ ਗਏ। ਸਰ, ਇਹ ਸਭ ਭਾਪੇ ਗੁਰਚਰਨ ਸਿੰਘ ਦੀ ਮਿਹਰਬਾਨੀ ਹੈ। ਐਤਕੀਂ ਵੀ ਸਾਡੇ ਜੇ ਕੁੜੀ ਹੋ ਜਾਂਦੀ ਤਾਂ ਸਰ ਮੈਂ ਤਾਂ ਤਬਾਹ ਹੋ ਜਾਂਦਾ। ਬਾਣੀਏ ਦੇ ਘਰ ਕੁੜੀ, ਬਸ ਲੱਖਾਂ ਦਾ ਖਰਚ। ਮੈਂ ਤਾਂ ਕਿਸੇ ਨਦੀ ਟੋਭੇ ਵਿੱਚ ਡੁੱਬ ਕੇ ਮਰ ਜਾਣਾ ਸੀ। ਭਾਪੇ ਗੁਰਚਰਨ ਸਿੰਘ ਨੇ ਬਸ ਵਕਤ ਸਿਰ ਬਚਾ ਲਿਆ। ਸਭ ਉਸੇ ਦੀ ਮਿਹਰਬਾਨੀ ਹੈ। ਉਸ ਦੇ ਘਰ ਕੱਲ੍ਹ ਲੱਡੂਆਂ ਦਾ ਟੋਕਰਾ ਦੇ ਕੇ ਆਇਆ ਹਾਂ। ਕੱਲ੍ਹ ਐਤਵਾਰ ਦੁਪਹਿਰ ਵੇਲੇ ਕਾਕੇ ਨੇ ਜਨਮ ਲਿਆ ਹੈ। ਸਰ, ਸਰਕਾਰੀ ਬਾਬੂਆਂ ਦੇ ਬੱਚੇ ਅਕਸਰ ਛਨੀ ਐਤ ਛੁੱਟੀ ਵਾਲੇ ਦਿਨ ਜਨਮ ਲੈਂਦੇ ਹਨ। ਮਾਂ ਬਾਪ ਦਾ ਸ਼ੁਰੂ ਤੋਂ ਖਿਆਲ ਰੱਖਦੇ ਹਨ।”

ਮੈਂ ਪੁੱਛਿਆ, “ਇਹ ਗੁਰਚਰਨ ਸਿੰਘ ਕੌਣ ਹੈ?”

ਉਹ ਅੱਗੋਂ ਬੋਲਿਆ, “ਸਰ, ਤੁਹਾਡੀ ਬਰਾਂਚ ਵਿੱਚ ਇੰਸਪੈਕਟਰ ਹੈ। ਮੈਂ ਤਾਂ ਉਸਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਨੂੰ ਆਗਿਆ ਦਿਓ ਸਰ, ਹੁਣ ਮੈਂ ਬਰਾਂਚ ਵਿੱਚ ਬਾਕੀ ਸਾਰੇ ਸਾਥੀਆਂ ਨੂੰ ਖੁਸ਼ਖਬਰੀ ਦੇਣੀ ਹੈ ਤੇ ਸਭ ਦਾ ਮੂੰਹ ਮਿੱਠਾ ਕਰਾਉਣਾ ਹੈ।”

ਮੈਂ ਕਿਹਾ, “ਗੁਰਚਰਨ ਸਿੰਘ ਦੀ ਮਿਹਰਬਾਨੀ ਵਾਲੀ ਗੱਲ ਮੈਨੂੰ ਸਮਝ ਨਹੀਂ ਆਈ।”

ਉਹ ਬੋਲਿਆ, “ਸਰ, ਗੱਲ ਜ਼ਰਾ ਲੰਮੀ ਤੇ ਦਿਲਚਸਪ ਹੈ। ਹੁਣ ਮੈਨੂੰ ਜਾਣ ਦਿਉ। ਲੰਚ ਟਾਈਮ ਤੇ ਮੈਂ ਆਪ ਆ ਕੇ ਤੁਹਾਨੂੰ ਪੂਰੇ ਵੇਰਵੇ ਨਾਲ ਦੱਸਾਂਗਾ।””

ਉਹ ਤਾਂ ਚਲਾ ਗਿਆ ਪਰ ਮੈਂ ਮਨ ਹੀ ਮਨ ਵਿੱਚ ਕਈ ਕਿਆਸ ਅਰਾਈਆਂ ਲਾਉਂਦਾ ਰਿਹਾ। ਮੇਰਾ ਕੰਮ ਵਿੱਚ ਮਨ ਨਾ ਲੱਗਾ ਤੇ ਆਖਰ ਹਾਰ ਕੇ ਮੈਂ ਚਪੜਾਸੀ ਭੇਜ ਕੇ ਗੁਰਚਰਨ ਸਿੰਘ ਨੂੰ ਬੁਲਾ ਲਿਆ।

ਮੈਂ ਕਿਹਾ, “ਗੁਰਚਰਨ ਸਿੰਘ, ਪਤਾ ਲੱਗਾ ਹੈ ਤੂੰ ਮੁੰਡਿਆਂ ਦੀਆਂ ਮਿਹਰਬਾਨੀਆਂ ਕਰਦਾ ਫਿਰਦਾ ਹੈਂ। ਕਿਤੇ ਤਵੀਤ, ਟੂਣੇ ਦਾ ਧੰਦਾ ਤਾਂ ਨਹੀਂ ਸ਼ੁਰੂ ਕਰ ਦਿੱਤਾ?”

ਅੱਗੋਂ ਗੁਰਚਰਨ ਸਿੰਘ ਬੋਲਿਆ, “ਸਰ, ਇਸ ਬਾਣੀਏ ਨੇ ਤਾਂ ਮੈਨੂੰ ਬਦਨਾਮ ਕਰ ਦਿੱਤਾ ਹੈ। ਸਾਡੀ ਬਰਾਂਚ ਵਿੱਚ ਆਪ ਨੂੰ ਪਤਾ ਹੀ ਹੈ, ਲੜਕੀਆਂ ਜ਼ਿਆਦਾ ਹਨ। ਉਹ ਮੈਨੂੰ ਕਈ ਤਰ੍ਹਾਂ ਦੀਆਂ ਟਿੱਚਰਾਂ ਕਰ ਰਹੀਆਂ ਹਨ। ਮੈਂ ਡਰਦਾ ਆਪਣੀ ਸੀਟ ਤੇ ਨਹੀਂ ਬਹਿੰਦਾ। ਕਿਸ ਕਿਸ ਨੂੰ ਸਮਝਾਵਾਂ?”

ਮੈਂ ਕਿਹਾ, “ਤੂੰ ਮੈਨੂੰ ਅਸਲ ਗੱਲ ਦੱਸ, ਬਾਕੀ ਮੈਂ ਆਪੇ ਸੰਭਾਲ ਲਵਾਂਗਾ।”

ਉਹ ਕਹਿਣ ਲੱਗਾ, “ਇਹ ਕਮਲਾ ਬਾਣੀਆ, ਇਕ ਦਿਨ ਮੈਨੂੰ ਬਾਜ਼ਾਰ ਵਿੱਚ ਮਿਲ ਗਿਆ। ਕਹਿਣ ਲੱਗਾ, ਭਾਪੇ ਗੁਰਚਰਨ ਤੂੰ ਮੇਰਾ ਬਚਪਨ ਦਾ ਆੜੀ ਹੈਂ, ਅਸੀਂ ਇਕੱਠੇ ਇੱਕ ਸਕੂਲ ਵਿੱਚ ਤੇ ਇੱਕੋ ਜਮਾਤ ਵਿੱਚ ਪੜ੍ਹਦੇ ਰਹੇ ਹਾਂ ਅਤੇ ਇਕੱਠੇ ਹੀ ਇਸ ਅੰਕੜਿਆਂ ਵਾਲੇ ਮਹਿਕਮੇ ਵਿੱਚ ਭਰਤੀ ਹੋਏ। ਤੇਰੇ ਸੁੱਖ ਨਾਲ, ਤਿੰਨ ਲੜਕੇ ਹਨ ਤੇ ਮੇਰੀਆਂ ਦੋ ਲੜਕੀਆਂ ਹਨ। ਤੈਨੂੰ ਪਤਾ ਹੈ ਬਾਣੀਏ ਦੀ ਕੁੜੀ ਦੇ ਵਿਆਹ ਤੇ ਕਿੰਨਾ ਖਰਚ ਹੁੰਦਾ ਹੈ। … ਪਹਿਲਾਂ ਪੁੱਛਦੇ ਹਨ ਕਿੰਨਾ ਖਰਚ ਕਰੋਗੇ। ਯਾਰ ਤੁਹਾਡੇ ਜੱਟਾਂ ਵਿੱਚ ਤੇ ਰੇਜੇ ਡੇਜ਼ੇ ਦੇ ਕੇ ਕੰਮ ਸਰ ਜਾਂਦਾ ਹੈ। ਬੜੀ ਗੱਲ ਕੋਈ ਗਾਂ ਮੱਝ ਮੰਗ ਲਊ ਜਾਂ ਵੱਧ ਛਾਲ ਮਾਰੂ ਤੇ ਘੋੜੀ ਤੇ ਹੱਥ ਰੱਖੂ।””

ਮੈਂ ਕਿਹਾ, “ਸਾਲਿਆ ਅੱਜ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਹੈ। ਹੁਣ ਤਾਂ ਜੱਟਾਂ ਦੇ ਮੁੰਡੇ ਵੀ ਹੀਰੋ ਹਾਂਡਾ ਤੇ ਮਰੂਤੀ ਕਾਰ ਤੋਂ ਘੱਟ ਗੱਲ ਨਹੀਂ ਕਰਦੇ। ਇਹ ਹਵਾ ਸਾਰੇ ਪਾਸੇ ਵਿਗੜ ਗਈ ਹੈ।”

ਅੱਗੋਂ ਉਹ ਢਿੱਲੇ ਜਿਹੇ ਮੂੰਹ ਨਾਲ ਬੋਲਿਆ, “ਭਾਪੇ ਮੇਰੀਆਂ ਪਹਿਲਾਂ ਹੀ ਦੋ ਕੁੜੀਆਂ ਹਨ ਤੇ ਤੇਰੀ ਭਾਬੀ ਹੁਣ ਫੇਰ ਮਾਂ ਬਣਨ ਵਾਲੀ ਹੈ। ਜੇ ਇਸ ਵਾਰ ਵੀ ਉਸ ਕੁੜੀ ਜੰਮੀ ਤਾਂ ਇਹ ਤੇਰਾ ਵੀਰ ਤੈਨੂੰ ਜਿਉਂਦਾ ਨਹੀਂ ਲੱਭਣਾ। ਬਸ ਕਿਸੇ ਨਹਿਰ, ਟੋਭੇ ਵਿੱਚ ਇਸ ਦੀ ਲਾਸ਼ ਹੀ ਤੈਨੂੰ ਮਿਲੂ।”

ਮੈਂ ਕੁੱਝ ਸੰਜੀਦਾ ਜਿਹਾ ਹੋ ਗਿਆ ਤੇ ਮੈਂ ਉਹਨੂੰ ਪੁੱਛ ਲਿਆ, “ਮੈਂ ਇਸ ਵਿੱਚ ਤੇਰੀ ਕੀ ਮਦਦ ਕਰ ਸਕਦਾ ਹਾਂ? ਇਹ ਸਭ ਪ੍ਰਭੂ ਦੇ ਵੱਸ ਹੈ। ਕੋਈ ਮੰਨਤ-ਸੰਨਤ ਸੁੱਖ, ਰੱਬ ਭਲੀ ਕਰੇਗਾ।”

ਉਹ ਕਹਿਣ ਲੱਗਾ, “ਭਾਪੇ ਤੂੰ ਮੈਨੂੰ ਕੇਰਾਂ ਦੱਸਿਆ ਸੀ ਕਿ ਤੁਹਾਡੇ ਖਾਨਦਾਨ ਵਿੱਚ ਪਿਛਲੀਆਂ ਤਿੰਨ ਚਾਰ ਪੁਸ਼ਤਾਂ ਤੋਂ ਕਦੇ ਲੜਕੀ ਨਹੀਂ ਪੈਦਾ ਹੋਈ ਤੇ ਹੁਣ ਸੁੱਖ ਨਾਲ ਤੇਰੇ ਵੀ ਤਿੰਨ ਲੜਕੇ ਹਨ। ਇਸ ਵਿੱਚ ਕੋਈ ਰਾਜ਼ ਵਾਲੀ ਗੱਲ ਜ਼ਰੂਰ ਹੈ, ਜੋ ਤੂੰ ਮੇਰੇ ਤੋਂ ਲੁਕੋ ਰਿਹਾ ਹੈਂ।”

ਮੈਂ ਉਸ ਨੂੰ ਬਹੁਤ ਸਮਝਾਇਆ ਕਿ ਇਹ ਈਸ਼ਵਰ ਦੀ ਦਾਤ ਹੈ, ਮਨੁੱਖ ਦੇ ਵੱਸ ਦੀ ਗੱਲ ਨਹੀਂ। ਪਰ ਉਹ ਮੇਰੇ ਮਗਰ ਹੀ ਪੈ ਗਿਆ। ਆਪਣੀ ਜਾਨ ਬਖਸ਼ੀ ਲਈ ਮੈਨੂੰ ਇਕ ਸ਼ਰਾਰਤ ਸੁੱਝੀ ਤੇ ਉਸ ਨੂੰ ਗਲੋਂ ਲਾਹੁਣ ਲਈ ਮੈਂ ਕਿਹਾ, “ਸਾਡੇ ਘਰ ਇੱਕ ਖਾਨਦਾਨੀ ਮੰਜਾ ਹੈ। ਬੱਚਾ ਜੰਮਣ ਲੱਗੇ ਜੇ ਤੀਵੀਂ ਉਸ ਮੰਜੇ ਤੇ ਬੱਚੇ ਨੂੰ ਜਨਮ ਦੇਵੇ ਤਾਂ ਲੜਕਾ ਹੀ ਪੈਦਾ ਹੁੰਦਾ ਹੈ।”

ਉਹ ਕਹਿਣ ਲੱਗਾ, ““ਬੱਸ, ਇਹ ਮੰਜਾ ਤੂੰ ਮੈਨੂੰ ਦੇ ਦੇਈਂ, ਸਾਡੇ ਵੀ ਲੜਕਾ ਹੋ ਜਾਏ। ਤੇਰਾ ਕੀ ਵਿਗੜਦਾ ਹੈ? ਫਿਰ ਇਹ ਤੇਰਾ ਯਾਰ ਤੇਰੇ ਹੀ ਗੀਤ ਗਾਉਂਦਾ ਫਿਰੇਗਾ।”

“ਸਰ ਜੀ, ਪਿਛਲੇ ਵਾਰ ਦੀ ਗੱਲ ਹੈ, ਇਸ ਬਾਣੀਏ ਨੇ ਮੂੰਹ ਅਨ੍ਹੇਰੇ ਮੇਰੇ ਘਰ ਦੀ ਘੰਟੀ ਵਜਾ ਦਿੱਤੀ। ਮੈਂ ਅੱਖਾਂ ਮਲਦਾ ਮਲਦਾ ਬਾਹਰ ਨਿਕਲਿਆ ਤੇ ਕਿਹਾ, “ਲਾਲਾ, ਕੀ ਆਫਤ ਆ ਗਈ? ਤੂੰ ਦਿਨ ਵੀ ਨਹੀਂ ਚੜ੍ਹਨ ਦਿੱਤਾ, ਸੁੱਖ ਤੇ ਹੈ?”

ਉਹ ਕਹਿਣ ਲੱਗਾ, “ਯਾਰ ਔਖੀ ਘੜੀ ਆ ਗਈ। ਤੇਰੀ ਭਾਬੀ ਨੂੰ ਦਰਦਾਂ ਸ਼ੁਰੂ ਹੋ ਗਈਆਂ ਹਨ। ਬਸ ਤੂੰ ਛੇਤੀ ਛੇਤੀ ਉਹ ਮੰਜਾ ਦੇ ਦੇ। ਰਿਕਸ਼ਾ ਲਿਆਵਾਂ ਜਾਂ ਰੇੜ੍ਹਾ ਲਿਆਵਾਂ? ਮੰਜਾ ਕਿੰਨਾ ਕੁ ਵੱਡਾ ਹੈ?”

ਮੈਂ ਆਪਣੇ ਆਪ ਨੂੰ ਕੜਿੱਕੀ ਵਿੱਚ ਫਸਿਆ ਦੇਖ ਕੇ ਉਸ ਨੂੰ ਕਿਹਾ, “ਮੰਜਾ ਤਾਂ ਬਹੁਤ ਵੱਡਾ ਹੈ।”

ਅੱਗੋਂ ਉਹ ਕਹਿਣ ਲੱਗਾ, “ਕੋਈ ਬਾਤ ਨਹੀਂ, ਮੈਂ ਟਰੱਕ ਲੈ ਆਉਂਦਾ ਹਾਂ। ਮੰਜਾ ਤਾਂ ਹਰ ਹਾਲਤ ਵਿੱਚ ਚਾਹੀਦਾ ਹੈ।”

ਮੇਰਾ ਇੱਕ ਸਾਹ ਆਵੇ ਤੇ ਇੱਕ ਜਾਵੇ। ਬਾਣੀਏ ਨਾਲੋਂ ਮੇਰੀ ਹਾਲਤ ਜ਼ਿਆਦਾ ਮਾੜੀ ਸੀ। ਮੈਂ ਉਸ ਨੂੰ ਭਰੋਸੇ ਵਿੱਚ ਲੈ ਕੇ ਕਿਹਾ, “ਮੈਂ ਸੱਚਮੁੱਚ ਤੇਰੀ ਮਦਦ ਕਰਨੀ ਚਾਹੁੰਦਾ ਹਾਂ। ਤੂੰ ਮੇਰਾ ਜਿਗਰੀ ਦੋਸਤ ਹੈਂ। ਤੁਹਾਡੇ ਘਰ ਲੜਕਾ ਹੋਏ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਵੇਗੀ। ਢੋਲ ਢਮੱਕਾ ਕਰਾਂਗੇ। ਦਾਰੂ ਵੀ ਪੀਵਾਂਗੇ, ਗਰੈਂਡ ਪਾਰਟੀ ਹੋਵੇਗੀ।”

ਉਹ ਕਹਿਣ ਲੱਗਾ, “ਮੈਂ ਤੋ ਦਾਰੂ ਕੇ ਪਾਸ ਨਹੀਂ ਜਾਤਾ ਪਰ ਤੁਮ ਜੋ ਜੀ ਚਾਹੇ ਕਰ ਲੈਨਾ। ਬੱਸ ਸਾਡਾ ਕੰਮ ਹੋਣਾ ਚਾਹੀਦਾ ਹੈ।”

ਮੈਂ ਕਿਹਾ, “ਮੰਜਾ ਤਾਂ ਆਪਣੀ ਜਗਾ ਤੋਂ ਨਹੀਂ ਹਿੱਲਦਾ, ਪਰ ਇਕ ਤਰਕੀਬ ਹੈ। ਤੂੰ ਮੰਜੇ ਦੀ ਦੌਣ ਦਾ ਇੱਕ ਟੁਕੜਾ ਲੈ ਜਾ ਅਤੇ ਜਿਸ ਮੰਜੇ ਤੇ ਭਾਬੀ ਲੇਟੀ ਹੈ ਉਸ ਮੰਜੇ ਨਾਲ ਇਸ ਨੂੰ ਬੰਨ੍ਹ ਦੇਈਂ। ਬੱਸ ਰੱਬ ਚਾਹਿਆ ਤਾਂ ਲੜਕਾ ਹੀ ਹੋਵੇਗਾ। ਇਕ ਵਾਰੀ ਪਹਿਲਾਂ ਵੀ ਸਾਡਾ ਖਾਸ ਕਰੀਬੀ ਆਦਮੀ ਸੀ, ਉਸ ਨੂੰ ਵੀ ਅਸੀਂ ਮੰਜੇ ਦੀ ਦੌਣ ਦਾ ਟੁਕੜਾ ਹੀ ਦਿੱਤਾ ਸੀ। ਉਨ੍ਹਾਂ ਦੇ ਵੀ ਲੜਕਾ ਹੀ ਹੋਇਆ।”

“ਦੇਖ ਮੇਰੇ ਦੋਸਤ, ਮੇਰੇ ਨਾਲ ਕੋਈ ਠੱਗੀ ਠੋਰੀ ਤਾਂ ਨਹੀਂ? ਚੰਗਾ ਤਾਂ ਇਹੀ ਹੈ ਤੂੰ ਮੈਨੂੰ ਮੰਜਾ ਹੀ ਦੇ ਦੇ, ਮੈਂ ਤੈਨੂੰ ਵਾਪਸ ਕਰ ਜਾਵਾਂਗਾ। ਬਸ ਇਕ ਵਾਰੀ ਵਕਤ ਲੰਘ ਜਾਵੇ ਚੰਗਾ ਚੰਗਾ। ਮੰਜੇ ਦੀ ਦੌਣ ਜ਼ਰੂਰ ਕੰਮ ਕਰਨੀ ਚਾਹੀਦੀ ਹੈ, ਦੇਖ ਮੇਰੇ ਆੜੀ ਕੰਮ ਤਸੱਲੀ ਬਖਸ਼ ਤੇ ਪੱਕਾ ਹੋਣਾ ਚਾਹੀਦਾ ਹੈ। ਮੈਨੂੰ ਤੇਰੀ ਭਾਬੀ ਤੋਂ ਸ਼ਰਮਸਾਰ ਨਾ ਹੋਣਾ ਪਵੇ।”

ਮੈਂ ਅੰਦਰ ਗਿਆ ਤੇ ਕਿਸੇ ਮੰਜੇ ਦੀ ਦੌਣ ਦਾ ਟੁਕੜਾ ਕੈਂਚੀ ਨਾਲ ਕੱਟ ਕੇ ਲੈ ਆਇਆ ਤੇ ਬਾਣੀਏ ਨੂੰ ਫੜਾ ਦਿੱਤਾ ਤੇ ਮਨ ਹੀ ਮਨ ਵਿੱਚ ਰੱਬ ਅੱਗੇ ਅਰਦਾਸ ਕੀਤੀ ਕਿ ਰੱਬਾ ਐਤਕੀਂ ਜਿਵੇਂ ਕਿਵੇਂ ਇਸ ਬਾਣੀਏ ਦੇ ਘਰ ਲੜਕਾ ਹੋਵੇ। ਇਹੋ ਜਿਹੀ ਸੱਚੇ ਦਿਲੋਂ ਅਰਦਾਸ ਮੈਂ ਕਦੇ ਆਪਣੇ ਲਈ ਵੀ ਨਹੀਂ ਸੀ ਕੀਤੀ।”

ਸਰ ਜੀ ਬਾਣੀਆ ਅਗਲੇ ਦਿਨ ਸਵੇਰ ਸਾਰ ਲੱਡੂਆਂ ਦਾ ਟੋਕਰਾ ਲੈ ਕੇ ਮੇਰੇ ਘਰ ਆ ਗਿਆ ਤੇ ਮੈਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਕੇ ਕਹਿਣ ਲੱਗਾ, “ਗੁਰਚਰਨ ਸਿੰਘ ਭਾਪੇ ਮੈਂ ਤੈਨੂੰ ਤੇ ਤੇਰੀਆਂ ਮਿਹਰਬਾਨੀਆਂ ਨੂੰ ਕਦੀ ਭੁਲਾ ਨਹੀਂ ਸਕਦਾ। ਰੱਬ ਨੇ ਰੇਖ ਵਿੱਚ ਮੇਖ ਮਾਰ ਦਿੱਤੀ। ਲੜਕਾ ਹੋਇਆ ਹੈ, ਦੋ ਭੈਣਾਂ ਦਾ ਵੀਰ ਆ ਗਿਆ ਹੈ। ਤੇਰੀ ਭਾਬੀ ਬਹੁਤ ਖੁਸ਼ ਹੈ, ਕਹਿੰਦੀ ਹੈ ਚਾਲੀ ਦਿਨ ਪੂਰੇ ਹੋ ਲੈਣ, ਖੁਦ ਚੱਲ ਕੇ ਤੁਹਾਡੇ ਘਰ ਆਵੇਗੀ ਧੰਨਵਾਦ ਕਰਨ।”

ਮੈਂ ਬਹੁਤ ਹੱਸਿਆ। ਬਾਣੀਆ ਸਮਝ ਰਿਹਾ ਸੀ ਕਿ ਮੈਂ ਖੁਸ਼ੀ ਦਾ ਹਾਸਾ ਹੱਸ ਰਿਹਾ ਹਾਂ, ਪਰ ਮੈਂ ਇਸ ਚੁਸਤ ਚਲਾਕ ਬਾਣੀਏ ਦੀ ਅਕਲ ਬਾਰੇ ਸੋਚ ਕੇ ਹੱਸ ਰਿਹਾ ਸੀ।

ਹਫਤਾ ਭਰ ਛੁੱਟੀ ਕੱਟਣ ਪਿੱਛੋਂ ਜਦ ਮਿਸਟਰ ਸਿੰਗਲ ਦਫਤਰ ਆਇਆ ਤਾਂ ਮੈਂ ਉਸ ਨੂੰ ਆਪਣੇ ਕੈਬਨ ਵਿੱਚ ਬੁਲਾ ਕੇ ਪੁੱਛਿਆ, “ਕਾਕੇ ਦੀਆਂ ਸਾਰੀਆਂ ਖੁਸ਼ੀਆਂ ਤੇ ਮੰਨਤਾਂ ਆਦਿ ਮੁਕੰਮਲ ਹੋ ਗਈਆਂ ਹੋਣਗੀਆਂ?”

“ਜੀ ਸਰ, ਬਿਲਕੁੱਲ ਫਰੀ ਹੋ ਕੇ ਆਇਆ ਹਾਂ। ਕੋਈ ਕੰਮ ਮੇਰੇ ਲਾਇਕ, ਹੁਕਮ ਕਰੋ।”

ਮੈਂ ਕਿਹਾ, “ਮੈਂ ਤੇਰੇ ਨਾਲ ਇਕ ਨਿੱਜੀ ਗੱਲ ਕਰਨੀ ਚਾਹੁੰਦਾ ਹਾਂ ਜੇ ਤੂੰ ਬੁਰਾ ਨਾ ਮੰਨੇ ਤਾਂ।”

ਉਹ ਬੋਲਿਆ, “ਸਰ, ਮੈਂ ਕਿਉਂ ਬੁਰਾ ਮੰਨਾਂਗਾ ਤੁਹਾਡੀ ਗੱਲ ਦਾ? ਤੁਸੀਂ ਮੇਰੇ ਭਲੇ ਦੀ ਗੱਲ ਕਰੋਗੇ।”

ਮੈਂ ਕਿਹਾ, “ਇਹ ਜਿਹੜੀ ਗੱਲ ਤੂੰ ਬਾਰ ਬਾਰ ਹਰ ਕਿਸੇ ਨਾਲ ਕਰੀ ਜਾਂਦਾ ਹੈਂ ਕਿ ਭਾਪੇ ਗੁਰਚਰਨ ਸਿੰਘ ਦੀ ਮਿਹਰਬਾਨੀ ਸੇ ਲੜਕਾ ਹੂਆ ਹੈ, ਤੈਨੂੰ ਪਤਾ ਲੋਕੀ ਇਸਦਾ ਕੀ ਮਤਲਬ ਕੱਢ ਰਹੇ ਹਨ?”

“ਸਰ ਜੀ, ਕੋਈ ਕੁੱਝ ਕਹੇ, ਕੁੱਝ ਸਮਝੇ ਮੈਂ ਕਿੱਦਾਂ ਇਹਸਾਨ ਫਰਾਮੋਸ਼ ਹੋ ਸਕਦਾ ਹਾਂ?”

ਮੈਂ ਕਿਹਾ, “ਮਿਸਟਰ ਸਿੰਗਲ, ਤੂੰ ਪੜ੍ਹਿਆ ਲਿਖਿਆ ਹੈਂ। ਮੰਜੇ ਦੀ ਦੌਣ ਦੀ ਕਰਾਮਾਤ ਵਾਲੀ ਗੱਲ ਕੋਈ ਸਾਇੰਟਿਫਿਕ ਨਹੀਂ। ਤੈਨੂੰ ਸਮਝ ਹੋਣੀ ਚਾਹੀਦੀ ਹੈ ਕਿ ਆਉਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ, ਸ਼ੁਰੂ ਤੋਂ ਹੀ ਤੈਅ ਹੋ ਜਾਂਦਾ ਹੈ। ਫੇਰ ਮੰਜੇ ਦੀ ਦੌਣ ਕੀ ਫਰਕ ਪਾ ਸਕਦੀ ਹੈ? ਇਸ ਵਾਰ ਤੁਹਾਡੇ ਲੜਕਾ ਹੀ ਹੋਣਾ ਸੀ, ਜੋ ਹੋ ਗਿਆ।”

ਉਹ ਬੋਲਿਆ, “ਸਰ ਜੀ, ਆਪ ਨੇ ਤੋ ਮੇਰੀ ਆਂਖੇਂ ਖੋਲ੍ਹ ਦਿੱਤੀਆਂ। ਹੁਣ ਮੈਨੂੰ ਸਮਝ ਆਈ ਹੈ ਭਾਪੇ ਚਰਨੇ ਨੇ ਮੈਨੂੰ ਉੱਲੂ ਬਣਾਇਆ ਹੈ। ਉੱਲੂ ਤਾਂ ਮੈਂ ਆਪ ਹੀ ਬਣਿਆ, ਉਹਨੇ ਕੀ ਬਣਾਉਣਾ ਸੀ। ਸਰ ਜੀ, ਤੁਸੀਂ ਤਾਂ ਸਾਨੂੰ ਬਹੁਤ ਵੱਡੇ ਖਰਚੇ ਤੋਂ ਬਚਾ ਲਿਆ। ਮੇਰੀ ਬੀਵੀ ਨੇ ਚਾਲੀ ਦਿਨ ਪੂਰੇ ਹੋ ਜਾਣ ਪਿੱਛੋਂ ਚਰਨੇ ਨੂੰ ਇੱਕ ਗਰਮ ਸੂਟ ਅਸਲੀ ਰੈਂਮਡ ਕੁਆਲਿਟੀ ਦਾ ਤੇ ਉਸਦੀ ਘਰ ਵਾਲੀ ਲਈ ਸਿਲਕ ਦੀ ਸਾੜ੍ਹੀ ਤੇ ਮਿਠਾਈ ਵਗੈਰਾ ਉਸਦੇ ਘਰ ਲੈ ਕੇ ਜਾਣਾ ਸੀ। ਹੁਣ ਕੁੱਝ ਦੇਣ ਦੀ ਲੋੜ ਹੀ ਨਹੀਂ ਰਹੀ। ਨਾਲੇ ਸਰ, ਇਕ ਹੋਰ ਗਲਤੀ ਹੋਣ ਵਾਲੀ ਸੀ। ਮੇਰੀ ਘਰ ਵਾਲੀ ਲਾਲਚ ਵਿੱਚ ਪੈ ਗਈ ਤੇ ਕਹਿਣ ਲੱਗੀ, ਹੁਣ ਸਾਡੇ ਪਾਸ ਕਰਾਮਾਤੀ ਮੰਜੇ ਦੀ ਦੌਣ ਤਾਂ ਆ ਗਈ ਹੈ ਕਿਉਂ ਨਾ ਦੋ ਭਰਾਵਾਂ ਦੀ ਜੋੜੀ ਪੂਰੀ ਕਰ ਲਈਏ। ਹਮ ਤੋਂ ਸਰ ਜੀ ਮਾਰੇ ਜਾਤੇ ਇਸ ਭੁਲੇਖੇ ਮੈਂ ਕਿ ਇਬ ਭੀ ਲੜਕਾ ਹੋਗਾ। ਅਬ ਤੋ ਹਮੇ ਔਰ ਕੁੱਝ ਨਹੀਂ ਚਾਹੀਏ। ਵੈਸੇ ਸਰ, ਇਸ ਦੌਣ ਨੇ ਸਾਨੂੰ ਕਈ ਦਿਨ ਖੁਸ਼ ਰੱਖਿਆ। ਚਰਨੇ ਦੀ ਵੀ ਖਬਰ ਲਵਾਂਗਾ, ਪਰ ਉਸ ਦਾ ਵੀ ਕੋਈ ਕਸੂਰ ਨਹੀਂ। ਮੈਂ ਉਸ ਕੋਲ ਆਪ ਗਿਆ ਸੀ ਮੰਜਾ ਲੈਣ ਤੇ ਦੌਣ ਦਾ ਟੁਕੜਾ ਲੈ ਕੇ ਆ ਗਿਆ।”

-ਭੁਪਿੰਦਰ ਸਿੰਘ ਨੰਦਾ