ਰਾਖ਼ ਦਾਨੀ – Shiv Kumar Batalvi

ਇਹ ਕਾਲੀ ਮਿੱਟੀ ਦੀ ਰਾਖ਼-ਦਾਨੀ ।
ਇਹ ਕਾਲੀ ਮਿੱਟੀ ਦੀ ਰਾਖ਼-ਦਾਨੀ ।
ਇਉਂ ਹੌਲੀ-ਹੌਲੀ ਪਈ ਹੈ ਧੁਖਦੀ
ਕਿ ਜਿਵੇਂ ਵਿਧਵਾ ਕੋਈ ਵਿਚ ਜਵਾਨੀ
ਇਹ ਕਾਲੀ ਮਿੱਟੀ ਦੀ ਰਾਖ਼-ਦਾਨੀ ।

ਜਿਉਂ ਕਾਲੀ ਮਾਤਾ, ਜਿਉਂ ਮਾਂ ਭਵਾਨੀ
ਜੋ ਪੀੜ ਮੇਰੀ ਦੇ ਜ਼ਿੱਦੀ ਬੱਚਿਆਂ ਦਾ
ਖ਼ੂਨ ਨੀਲਾ ਹਾਏ ਪੀਣ ਖ਼ਾਤਰ
ਖੜ੍ਹੀ ਹੈ ਮੁੱਦਤ ਤੋਂ ਵਿਚ ਹੈਰਾਨੀ
ਫੜ ਕੇ ਧੂੰ ਦੀ ਅਲਫ਼-ਹੁਸੈਨੀ
ਕੋਈ ਪਾ ਕੇ ਚੋਲਾ ਹਾਏ ਅਸਮਾਨੀ
ਬੜੇ ਡਰਾਉਣੇ ਜਾਂ ਪੰਛੀ ਵਰਗੀ
ਅੱਖਾਂ ਮੁੰਦੀ ਤੇ ਹਿੱਕ ਤਾਣੀ ।

ਜਾਂ ਪਿਉ ਲੰਮੂਬੇ ਦੀ ਧੀ ਅੰਞਾਣੀ
ਜੋ ਬਾਪ ਆਪਣੇ ਦੀ ਮੌਤ ਪਿੱਛੋਂ
ਆਪਣੀ ਮਾਂ ਦੀ ਹੁਸੀਨ ਗੋਦੀ ‘ਚ
ਘੂਕ ਸੁੱਤੀ ਹੈ ਭੁੱਖੀ-ਭਾਣੀ
ਤੇ ਸੁੱਤੀ ਸੁੱਤੀ ਇਹ ਕਹਿ ਰਹੀ ਹੈ-
ਇਹ ਯੁੱਗ ਕਿੰਨਾ ਹੈ ਅਗਰਗਾਮੀ
ਹੈ ਕਿੰਨੀ ਜ਼ਿੱਲਤ ਅਜੇ ਵੀ ਬੰਦਾ
ਬੰਦੇ ਅੱਗੇ ਕਰੇ ਗ਼ੁਲਾਮੀ ।

ਜਾਂ ਰਾਖ਼-ਦਾਨੀ ਦਾ ਮੋਰ-ਪੰਖੀ
ਵਲੇਵੇਂ ਖਾਂਦਾ ਸਿਗਰਟੀ ਧੂੰਆਂ
ਕਿ ਜਿਵੇਂ ਕਿਧਰੇ ਵੀਰਾਨ ਥਾਵੇਂ
ਕੋਈ ਰੁੱਖ ਸਫੈਦੇ ਦਾ ਹੋਏ ਅਲੂੰਆਂ
ਜਿਉਂ ਇੱਛਿਆਧਾਰੀ ਕੋਈ ਸੱਪ ਦਮੂੰਹਾਂ
ਜਾਂ ਜਿਉਂ ਸਰੋਵਰ ‘ਚੋਂ ਸਾਂਵਲੀ ਜਿਹੀ
ਨਹਾ ਕੇ ਨਿਕਲੀ ਕੋਈ ਜਵਾਨੀ
ਤੇ ਕੰਢੇ ਖੜ੍ਹ ਕੇ ਸੁਕਾਏ ਪਾਣੀ
ਬੀਮਾਰ ਜੇਹੀ ਤਵੀਤ ਪਹਿਨੀ ।

ਇਹ ਰਾਖ਼-ਦਾਨੀ, ਬੀਅਰ ਦੀ ਬੋਤਲ
ਇਹ ਮੇਜ਼ ਹੋਟਲ ਦੇ ਸਾਗਵਾਨੀ
ਇਹ ਓਹੋ ਬੈਰੇ ਤੇ ਓਹੋ ਚਿਹਰੇ
ਇਹ ਓਹੋ ਬਕ ਬਕ ਤੇ ਕੁੱਤੇ ਖਾਣੀ
ਬੇਹੇ ਪਿਆਜ਼ਾਂ ਦੀ ਬੂ ਪੁਰਾਣੀ ।

ਉਫ਼ ! ਕਿੰਨੀ ਹੀ ਹੈ ਵੀਰਾਨੀ
ਰੌਲੇ-ਰੱਪੇ ਦੀ ਗਹਿਰੀ ਦਲਦਲ ‘ਚ
ਮੇਰੇ ਵਾਕਣ ਹੈ ਧੱਸਦੀ ਜਾਂਦੀ
ਇਹ ਸ਼ਾਮ ਸੂਹੀ ਤੇ ਅਰਗ਼ਵਾਨੀ
ਇਹ ਰਾਖ਼-ਦਾਨੀ, ਇਹ ਰਾਖ਼-ਦਾਨੀ
ਜਿਉਂ ਰਾਤ ਕਾਲੀ ਕੋਈ ਤੂਫ਼ਾਨੀ
ਕਿ ਜਿਸ ‘ਚ ਚਮਕੇ ਕੋਈ ਨਾ ਤਾਰਾ
ਸਿਆਹ ਪੁਲਾੜਾਂ ਦੇ ਰਾਹ ਦੀ ਬਾਨੀ
ਉਫ਼ ! ਕਿੰਨੀ ਹੀ ਹੈ ਡਰਾਉਣੀ ।

ਓ ਬੈਰਾ ! ਬਿੱਲ ਲੈ ਆ
ਤੇ ਚੁੱਕ ਲੈ ਏਥੋਂ ਇਹ ਰਾਖ਼-ਦਾਨੀ
ਇਹ ਤਾਂ ਮੈਨੂੰ ਇਉਂ ਹੈ ਲੱਗਦੀ
ਹਜ਼ਾਰ ਮੈਗਾਟਨ ਬੰਬ ਵਾਕਣ ਜਿਉਂ
ਮੇਜ਼ ਮੇਰੀ ‘ਤੇ ਫਟ ਹੈ ਜਾਣੀ
ਤੇ ਖ਼ਾਲੀ ਹੋਈ ਬੀਅਰ ਦੀ ਬੋਤਲ
ਜਿਉਂ ਬਣ ਕੇ ਰਾਕਟ ਹੈ ਉੱਡ ਜਾਣੀ ।

ਚੁੱਕ ਲੈ ਏਥੋਂ ਇਹ ਖ਼ਾਲੀ ਬੋਤਲ
ਤੇ ਕਾਲੀ ਮਿੱਟੀ ਦੀ ਰਾਖ਼-ਦਾਨੀ ।
ਜੋ ਹੌਲੀ-ਹੌਲੀ ਪਈ ਹੈ ਧੁਖ਼ਦੀ
ਕਿ ਜਿਵੇਂ ਵਿਧਵਾ ਕੋਈ ਵਿਚ ਜਵਾਨੀ
ਇਹ ਕਾਲੀ ਮਿੱਟੀ ਦੀ ਰਾਖ਼-ਦਾਨੀ ।
ਇਹ ਕਾਲੀ ਮਿੱਟੀ ਦੀ ਰਾਖ਼-ਦਾਨੀ ।