ਰਿਸ਼ਤਿਆਂ ਦੀ ਸ਼ੂਨਯਤਾ

ਅਸੀਂ ਨਾਈਟ ਕਲੱਬਾਂ ਵਿਚ ਜਾਗਦੇ
ਤੇ ਘਰਾਂ ਵਿਚ ਸੌਂਦੇ ਹਾਂ।
ਸਾਡਾ ਸਮਾਂ ਸੂਰਜ ਨਾਲ ਨਹੀਂ,
ਸਾਡੇ ਨਾਲ ਚੜ੍ਹਦਾ ਹੈ।

ਪਲਕ ਬੰਦ ਹੁੰਦਿਆਂ ਹੀ,
ਰਾਤ ਪੈ ਜਾਂਦੀ ਹੈ।
ਸੁਫਨੇ, ਸੱਤਰੰਗੀਆ ਦੇ
ਦੇਸ਼ ਤੁਰ ਪੈਂਦੇ ਹਨ।

‘ਡਰੱਗ’ ਦੇ ਨਸ਼ੇ ਹੇਠ,
ਫੈਂਟਸੀ ਭੋਗਦੇ, ਅਸੀਂ
ਆਪਣੇ ਆਪ ਦੇ ਵਿਚ ਡੁੱਬਦੇ,
ਫੈਲਦੇ, ਸੁਕੜਦੇ, ਚੜ੍ਹਦੇ –
ਰਿਸ਼ਤਿਆਂ ਦੀ ਸ਼ੂਨਯਤਾ ਵਿਚ –
‘ਕੇਵਲ ਆਪ’ ਬਣ ਜਾਂਦੇ ਹਾਂ!

ਦੁਨੀਆਂ ‘ਚ ਰਹਿੰਦੇ ਹੋਏ ਵੀ,
ਦੁਨੀਆਂ ਤੋਂ ਪਾਰ ਤੁਰ ਜਾਂਦੇ ਹਾਂ!!

-ਰਵਿੰਦਰ ਰਵੀ, ਕਨੇਡਾ