ਲਾਈਨ ਹਾਜ਼ਰ

ਜ਼ਿਲ੍ਹੇ ਦੇ ਅਫਸਰਾਂ ਦੀ ਮੀਟਿੰਗ ਸੀ, ਸਰਕਾਰ ਦੇ ਇੱਕ ਮੰਤਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੇ ਦੌਰਾਨ ਹੀ ਕੰਟੀਨ ਦੇ ਵੇਟਰ ਕੱਚ ਦੇ ਗਲਾਸਾਂ ਵਿਚ ਪਈ ਚਾਹ ਸਭ ਦੇ ਹੱਥ ਵਿਚ ਫੜਾ ਰਹੇ ਸਨ।

ਜਦ ਮੇਰੇ ਪਾਸ ਚਾਹ ਦਾ ਗਲਾਸ ਲੈ ਕੇ ਵੇਟਰ ਆਇਆ ਤਾਂ ਮੈਂ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਮੈਨੂੰ ਚਾਹ ਨਹੀਂ ਚਾਹੀਦੀ। ਮੇਰੇ ਤੋਂ ਅਗਲੀ ਸੀਟ ਤੇ ਮਿਸਟਰ ਰਾਣਾ ਬੈਠੇ ਸਨ, ਜੋ ਮੇਰੇ ਪੁਰਾਣੇ ਜਾਣਕਾਰ ਸਨ, ਮੇਰੇ ਵਲ ਦੇਖ ਕੇ ਕਹਿਣ ਲੱਗੇ, “ਚਾਹ ਪੀਣੀ ਕਦ ਤੋਂ ਛੱਡੀ ਹੈ?”

“ਚਾਹ ਪੀਣੀ ਤਾਂ ਨਹੀਂ ਛੱਡੀ ਪਰ ਇਸ ਤਰ੍ਹਾਂ ਦੀ ਚਾਹ ਮੈਨੂੰ ਪਸੰਦ ਨਹੀਂ।” ਮੈਂ ਉੱਤਰ ਦਿੱਤਾ।

ਉਹਨਾਂ ਵੀ ਆਪਣਾ ਹਥਲਾ, ਅੱਧ-ਪੀਤਾ ਚਾਹ ਦਾ ਗਲਾਸ ਇੱਕ ਪਾਸੇ ਰੱਖ ਦਿੱਤਾ, ਤੇ ਬੋਲੇ, “ਚੇਤੇ ਰੱਖਣਾ, ਮੀਟਿੰਗ ਪਿੱਛੋਂ ਦਫਤਰ ਚੱਲ ਕੇ ਇਕੱਠੇ ਮਰਜ਼ੀ ਦੀ ਚਾਹ ਪੀਵਾਂਗੇ।””

ਮੀਟਿੰਗ ਖਤਮ ਹੋਈ। ਉਹਨਾਂ ਮੇਰੀ ਬਾਂਹ ਪਕੜ ਮੈਨੂੰ ਆਪਣੇ ਨਾਲ ਆਪਣੀ ਜੀਪ ਵਿਚ ਬਿਠਾ ਲਿਆ। ਮੈਂ ਪੁੱਛਿਆ, “ਇੱਥੇ ਬਦਲ ਕੇ ਕਦ ਆਏ ਹੋ? ਅੱਜਕਲ ਤਾਂ ਬਦਲੀਆਂ ਬੰਦ ਹਨ।”

ਮੈਂ ਉਹਨਾਂ ਨੂੰ ਯਾਦ ਕਰਾਇਆ ਕਿ ਤੁਹਾਡਾ ਦਫਤਰ ਤਾਂ ਪਿੱਛੇ ਰਹਿ ਗਿਆ ਹੈ। ਉਹ ਕੁਝ ਢਿੱਲੇ ਜਿਹੇ ਮੂੰਹ ਨਾਲ ਬੋਲੇ, “ਕਾਹਦਾ ਦਫਤਰ। ਉਹ ਕਹਾਵਤ ਹੈ ਨਾ ਕਿ ‘ਢਾਈ ਢਿੰਘਰੀਆਂ ਤੇ ਡੇਰਾ ਫੱਤੋਵਾਲ’। ਮੈਂ ਅੱਜਕਲ ਪ੍ਰੋਜੈਕਟ ਅਫਸਰ ਲੱਗਾ ਹੋਇਆ ਹਾਂ। ਤੁਹਾਨੂੰ ਤਾਂ ਪਤਾ ਹੀ ਹੈ ਕਿ ਇਹ ਨਵਾਂ ਜਿਹਾ ਮਹਿਕਮਾ ਹੈ। ਕੰਮ ਕਾਰ ਕੋਈ ਖਾਸ ਹੈ ਨਹੀਂ। ਇੱਕ ਕਲਰਕ, ਇੱਕ ਹੈੱਡ ਕਲਰਕ ਤੇ ਦੋ ਸੇਵਾਦਾਰ ਤੇ ਉੱਪਰ ਮੈਂ ਅਫਸਰ ਹਾਂ। ਨਾ ਕਦੀ ਕੋਈ ਮਿਲਣ ਆਇਆ ਹੈ ਨਾ ਕਦੀ ਕੋਈ ਫਰਿਆਦੀ ਪੇਸ਼ ਹੋਇਆ ਹੈ। ਬੱਸ ਫੇਰ ਕੀ, ਹੋਇਆ ਕਿ ਨਾ ਢਾਈ ਢਿੰਘਰੀਆਂ ਡੇਰਾ ਫੱਤੋਵਾਲ? ਹਾਂ ਦਫਤਰ ਦਾ ਬੋਰਡ ਜ਼ਰੂਰ ਵੱਡਾ ਸਾਰਾ ਲੱਗਾ ਹੋਇਆ ਹੈ।”

ਮਿਸਟਰ ਰਾਣਾ ਦੱਸਦੇ ਗਏ, “ਪਿਛਲੇ ਹਫਤੇ ਮੇਰੇ ਬਾਪੂ ਜੀ ਮੈਨੂੰ ਮਿਲਣ ਇਸ ਨਵੇਂ ਸਟੇਸ਼ਨ ਆ ਗਏ। ਮੇਰੀ ਹਾਲਤ ਦੇਖ ਕੇ ਦੁਖੀ ਤੇ ਉਦਾਸ ਹੋਏ ਮੈਨੂੰ ਪੁੱਛਣ ਲੱਗੇ – ਕਾਕਾ ਤੇਰੀ ਨੌਕਰੀ ਤੇ ਕਾਇਮ ਹੈ? ਦੋ ਦਿਨ ਹੋ ਗਏ ਮੈਨੂੰ ਦੇਖਦੇ ਨੂੰ ਨਾ ਕੋਈ ਤੈਨੂੰ ਮਿਲਣ ਆਇਆ ਹੈ ਤੇ ਨਾ ਹੀ ਕੋਈ ਫਰਿਆਦੀ ਪੇਸ਼ ਹੋਇਆ ਹੈ। ਕੋਠੀ ਦੇ ਬਾਹਰ ਨਾ ਕੋਈ ਸੰਤਰੀ ਡਿਊਟੀ ਤੇ ਹੈ ਨਾ ਤੈਨੂੰ ਕੋਈ ਬਾਡੀਗਾਰਡ ਮਿਲੇ ਹਨ।” ਮੈਂ ਕਿਹਾ – ਬਾਪੂ ਜੀ ਸਭ ਠੀਕ ਠਾਕ ਹੈ। ਨੌਕਰੀ ਨੂੰ ਕੀ ਹੋ ਚੱਲਿਆ ਹੈ, ਬਸ ਸਮਝੋ ਸਰਕਾਰ ਨੇ ਮੈਨੂੰ ਲਾਈਨ ਹਾਜ਼ਰ ਕੀਤਾ ਹੋਇਆ ਹੈ। ਵਕਤ ਪਾ ਕੇ ਫੇਰ ਸਭ ਠੀਕ ਠਾਕ ਹੋ ਜਾਵੇਗਾ। ਪਰ ਕਾਕਾ ਲਾਈਨ ਹਾਜ਼ਰ ਤਾਂ ਪੁਲੀਸ ਮਹਿਕਮੇ ਵਿਚ ਹੁੰਦਾ ਹੈ। ਮੈਂ ਕਿਹਾ- ਬਾਪੂ ਜੀ, ਮੈਥੋਂ ਗਲਤ ਕਹਿ ਹੋ ਗਿਆ। ਲਾਈਨ ਹਾਜ਼ਿਰ ਨਹੀਂ, ਸਗੋਂ ਖੁੱਡੇ ਲਾਈਨ ਜਿਹਾ ਲਾ ਦਿੱਤਾ ਹੈ। ਉਹ ਕਹਿਣ ਲੱਗੇ, ਪਰ ਕਾਹਤੋਂ? ਅਜਿਹਾ ਕੀ ਕਸੂਰ ਤੈਥੋਂ ਹੋ ਗਿਆ? ਮੈਂ ਕਿਹਾ – ਬਾਪੂ ਜੀ ਮੈਂ ਤਾਂ ਕੰਮ ਠੀਕ ਹੀ ਕੀਤਾ ਸੀ ਪਰ ਸਰਕਾਰ ਨੂੰ ਠੀਕ ਨਹੀਂ ਲੱਗਿਆ। ਬੜੀ ਮੁਸ਼ਕਿਲ ਨਾਲ ਉਹਨਾਂ ਨੂੰ ਭਰੋਸਾ ਦੇ ਕੇ ਤੋਰਿਆ।”

ਇੰਨੇ ਨੂੰ ਰਾਣਾ ਸਾਹਿਬ ਦੀ ਕੋਠੀ ਆ ਗਈ। ਘਰ ਪਹੁੰਚ ਕੇ ਉਹਨਾਂ ਨੇ ਕੋਠੀ ਦੇ ਬਾਹਰ ਬਗੀਚੇ ਵਿਚ ਬਿਠਾ ਲਿਆ ਤੇ ਡਰਾਇਵਰ ਨੂੰ ਕਿਹਾ, “ਬੀਬੀ ਜੀ ਪਾਸੋਂ ਵਧੀਆ ਜਿਹੀ ਚਾਹ ਬਣਵਾ ਕੇ ਲਿਆ। ਨਾਲ ਕੁਝ ਖਾਣ ਨੂੰ ਵੀ ਲਿਆਵੀਂ।”

ਮੈਂ ਕਿਹਾ, “ਬੜੇ ਦੁਖੀ ਲਗਦੇ ਹੋ ਆਪਣੀ ਨਵੀਂ ਪੋਸਟਿੰਗ ਤੋਂ!”

ਚਾਹ ਦਾ ਘੁੱਟ ਭਰਦੇ ਹੀ ਕਹਿਣ ਲੱਗੇ, “ਮੈਂ ਐਸ.ਡੀ.ਐਮ. ਲੱਗਾ ਹੋਇਆ ਸੀ। ਉਸੇ ਸ਼ਹਿਰ ਦੀ ਨਗਰ ਪਾਲਿਕਾ ਭੰਗ ਸੀ ਅਗਲੀਆਂ ਚੋਣਾਂ ਹੋਣ ਤਕ। ਉਸ ਦਾ ਅਡੀਸ਼ਨਲ ਚਾਰਜ ਬਤੌਰ ਐੈਡਮਿਨਸਟਰੇਟਰ ਮੈਨੂੰ ਸੌਂਪਿਆ ਹੋਇਆ ਸੀ, ਜਿਸ ਦਾ ਮੈਨੂੰ ਵੱਖਰਾ ਅਲਾਊਂਸ ਵੀ ਮਿਲਦਾ ਸੀ। … ਪੰਦਰਾਂ ਵੀਹ ਦਿਨ ਤਾਂ ਮੈਨੂੰ ਉਸ ਨਵੇਂ ਸਟੇਸ਼ਨ ਤੇ ਸੈਟਲ ਹੋਣ ਵਿਚ ਲੱਗ ਗਏ।

“ਮੈਂ ਇੱਕ ਦਿਨ ਆਪਣੇ ਪ੍ਰੀਵਾਰ ਨਾਲ ਆਪਣੀ ਪ੍ਰਾਈਵੇਟ ਕਾਰ ਵਿਚ ਬਜ਼ਾਰ ਗਿਆ। ਮੇਰੇ ਬੇਟੇ ਬਿਲੂ ਨੇ ਸਕੂਲ ਦੀਆਂ ਕਿਤਾਬਾਂ ਕਾਪੀਆਂ ਲੈਣੀਆਂ ਸਨ ਤੇ ਮੇਰੀ ਘਰਵਾਲੀ ਨੇ ਨਵੇਂ ਘਰ ਲਈ ਕੁਝ ਨਿਕਸੁਕ ਖਰੀਦਣਾ ਸੀ। ਸਾਨੂੰ ਕਿਸੇ ਨੇ ਪਹਿਚਾਣਿਆ ਨਾ। ਕੋਈ ਜਾਣਦਾ ਹੀ ਨਹੀਂ ਸੀ ਸਾਨੂੰ ਉਸ ਸ਼ਹਿਰ ਵਿਚ। ਮੇਰੀ ਨਜ਼ਰ ਪਈ, ਬਾਜ਼ਾਰ ਵਿਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਸਨ। ਜਿਵੇਂ ਸ਼ਹਿਰ ਦੀ ਕਦੀ ਕਿਸੇ ਨੇ ਸਫਾਈ ਨਹੀਂ ਕੀਤੀ ਹੁੰਦੀ। ਸੜਕਾਂ, ਗਲੀ ਮੁਹੱਲਿਆਂ ਵਿਚ ਵਾਪਿਸ ਆਉਂਦੇ ਹਨੇਰਾ ਹੀ ਹਨੇਰਾ ਦਿਖਾਈ ਦਿੱਤਾ। ਬਲਬ ਟਿਊਬਾਂ ਜਗ ਨਹੀਂ ਸਨ ਰਹੀਆਂ। ਮੇਰੀ ਘਰ ਵਾਲੀ ਨੇ ਰਾਹ ਵਿਚ ਇੱਕ ਚਾਟ ਦੀ ਰੇੜ੍ਹੀ ਦੇਖੀ ਤੇ ਮੈਨੂੰ ਰੁਕਣ ਲਈ ਕਿਹਾ। ਰੇੜੜੀ ਵਾਲੇ ਨੇ ਗੈਸਾਂ ਦੀ ਮਦਦ ਨਾਲ ਕਾਫੀ ਰੋਸ਼ਨੀ ਕੀਤੀ ਹੋਈ ਸੀ। ਅਸੀਂ ਰੁਕ ਗਏ। ਬਹੁਤ ਭੀੜ ਸੀ ਖਾਣ ਵਾਲਿਆਂ ਦੀ। ਮੇਰੀ ਘਰ ਵਾਲੀ ਝੱਟ ਮੁੜ ਆਈ ਤਾਂ ਮੈਂ ਕਿਹਾ – ਭੀੜ ਦੇ ਡਰ ਮਾਰੇ ਜਲਦੀ ਮੁੜ ਆਏ ਹੋ? ਉਹ ਕਹਿਣ ਲੱਗੀ – ਭੀੜ ਵਾਲੀ ਗੱਲ ਨਹੀਂ, ਰੇੜੜੀ ਦੇ ਕੋਲ ਬਹੁਤ ਵੱਡਾ ਗੰਦਗੀ ਦਾ ਢੇਰ ਸੀ। ਮੈਂ ਹੈਰਾਨ ਹਾਂ, ਇਹ ਲੋਕੀਂ ਕਿਵੇਂ ਇਹ ਸਾਰਾ ਕੁਝ ਬਰਦਾਸ਼ਤ ਕਰ ਰਹੇ ਹਨ। ਸਫਾਈ ਤੋਂ ਬਿਲਕੁਲ ਬੇਖਬਰ, ਵਿੱਚੋਂ ਹੀ ਬਿਲੂ ਬੋਲ ਪਿਆ – ਸਾਡੇ ਸਕੂਲ ਦੇ ਇਰਦ ਗਿਰਦ ਵੀ ਬਹੁਤ ਵੱਡੇ ਵੱਡੇ ਢੇਰ ਹਨ ਗੰਦਗੀ ਦੇ। ਜਿਵੇਂ ਕਦੀ ਕਿਸੇ ਨੇ ਸਫਾਈ ਕੀਤੀ ਹੀ ਨਾ ਹੋਵੇ।” ਮੈਂ ਚੁੱਪ ਕਰਕੇ ਸਹਿਣ ਕਰਦਾ ਰਿਹਾ।

“ਅਗਲੀ ਸਵੇਰ ਮੈਂ ਦਫਤਰ ਦੇ ਸੁਪਰਡੈਂਟ, ਮੈਡੀਕਲ ਅਫਸਰ ਤੇ ਸਾਰੇ ਸੈਨੀਟਰੀ ਇੰਸਪੈਕਟਰਾਂ, ਬਿਜਲੀ ਵਿਭਾਗ ਤੇ ਬਾਗਬਾਨੀ ਦੇ ਅਫਸਰਾਂ ਨੂੰ ਮੀਟਿੰਗ ਵਿਚ ਬੁਲਾ ਕੇ ਸਖਤ ਹੁਕਮ ਕੀਤੇ ਕੇ ਅੱਗੋਂ ਕਿਸੇ ਨੇ ਬੋਲਣਾ ਨਹੀਂ, ਕੇਵਲ ਸੁਣਨਾ ਹੀ ਹੈ। ਅੱਜ ਦੀ ਮੋਹਲਤ ਹੈ। ਕੱਲ੍ਹ ਸਵੇਰੇ ਮੈਂ ਇਨਸਪੈਕਸ਼ਨ ਤੇ ਨਿਕਲਾਂਗਾ। ਜਿੱਥੇ ਕਿਤੇ ਕਮੀ ਦੇਖੀ ਗਈ ਮੌਕੇ ਤੇ ਕਾਰਵਾਈ ਹੋਵੇਗੀ।

“ਮਹਿਕਮੇ ਵਿਚ ਤਰਥੱਲੀ ਮੱਚ ਗਈ। ਮੈਨੂੰ ਜਾਣਕਾਰੀ ਮਿਲੀ ਕਿ ਸਫਾਈ ਕਰਮਚਾਰੀ ਡਿਊਟੀ ਤੇ ਨਹੀਂ ਆਉਂਦੇ ਸਗੋਂ ਪ੍ਰਾਈਵੇਟ ਹਸਪਤਾਲਾਂ, ਨਰਸਿੰਗ ਹੋਮਜ਼ ਵਿਚ ਕੰਮ ਕਰਦੇ ਹਨ ਤੇ ਉੱਪਰਲੇ ਨਿਗਰਾਨ ਅਮਲੇ ਨੂੰ ਮਹੀਨਾ ਤਾਰਦੇ ਹਨ। ਬਿਜਲੀ ਦੇ ਬਲਬ ਤੇ ਟਿਊਬਾਂ ਰਿਕਾਰਡ ਵਿਚ ਤੇ ਲਗਾਤਾਰ ਬਦਲਦੇ ਰਹਿੰਦੇ ਹਨ, ਸੜਕਾਂ, ਗਲੀ, ਮੁਹੱਲਿਆਂ ਵਿਚ ਭਾਵੇਂ ਹਨੇਰਾ ਹੀ ਰਹੇ।

“ਬਾਗਬਾਨੀ ਵਿਭਾਗ ਦੇ ਇੰਚਾਰਜ ਦੀ ਆਪਣੀ ਬੂਟਿਆਂ, ਫੁੱਲਾਂ ਤੇ ਪੌਦਿਆਂ ਦੀ ਨਰਸਰੀ ਦੱਸੀ ਗਈ, ਜਿੱਥੇ ਉਸਦਾ ਹੇਠਲਾ ਅਮਲਾ ਕੰਮ ਕਰਦਾ ਰਹਿੰਦਾ ਹੈ ਤੇ ਤਨਖਾਹ ਸਰਕਾਰ ਪਾਸੋਂ ਲੈਂਦੇ ਹਨ। ਸ਼ਹਿਰ ਵਿਚਲੇ ਬਾਗ ਬਗੀਚੇ ਸੜਕਾਂ ਕਿਨਾਰੇ ਲੱਗੇ ਦਰਖਤ ਉੱਜੜੇ ਦੇਖੇ ਗਏ।

“ਮੇਰੇ ਕਹੇ ਦਾ ਪਰਤੱਖ ਅਸਰ  ਹੋਇਆ। ਸਾਰਾ ਸ਼ਹਿਰ ਲਿਸ਼ਕ ਗਿਆ। ਸੜਕਾਂ ਸਾਫ ਹੋ ਗਈਆਂ। ਸੜਕਾਂ ਤੇ ਬਕਾਇਦਾ ਪਾਣੀ ਦਾ ਛਿੜਕਾ ਹੋਇਆ। ਬਿਜਲੀ ਦੀ ਰੋਸ਼ਨੀ ਨਾਲ ਬਾਜ਼ਾਰ, ਸੜਕਾਂ, ਗਲੀ ਮੁਹੱਲੇ ਜਗਮਗ ਕਰਨ ਲੱਗ ਪਏ। ਮੈਂ ਵੀ ਖੁਸ਼ ਹੋਇਆ ਤੇ ਸੁਣਨ ਵਿਚ ਆਇਆ ਕਿ ਸ਼ਹਿਰ ਵਾਸੀ ਵੀ ਖੁਸ਼ ਸਨ।

“ਮੇਰਾ ਹੌਸਲਾ ਵਧ ਗਿਆ। ਮੇਰਾ ਅਗਲਾ ਪ੍ਰੋਗਰਾਮ ਸੀ ਐਨਕਰੋਚਮੈਂਟ ਦੂਰ ਕਰਨ ਦਾ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਵਰਾਂਡਿਆਂ ਵਿਚ ਕਾਊਂਟਰ ਵਧਾ ਕੇ ਲਗਾਏ ਹੋਏ ਸਨ। ਗਾਹਕਾਂ ਦੇ ਤੁਰਨ ਫਿਰਨ ਲਈ ਜਿਹੜੀ ਥਾਂ ਛੱਡੀ ਹੋਈ ਸੀ ਉੱਥੇ ਰੁਕਾਵਟਾਂ ਸਨ। ਦੁਕਾਨਾਂ ਸਾਹਮਣੇ ਖੁੱਲ੍ਹੀ ਗਰਾਊਂਡ ਜੋ ਪਾਰਕਿੰਗ ਪਲੇਸ ਸੀ, ਸਕੂਟਰਾਂ, ਕਾਰਾਂ, ਸਾਇਕਲਾਂ ਆਦਿ ਲਈ, ਦੁਕਾਨਦਾਰ ਨੇ ਮੱਲੀ ਹੋਈ ਸੀ। ਹਰ ਦੁਕਾਨਦਾਰ ਨੇ ਆਪਣੀ ਦੁਕਾਨ ਸਾਹਮਣੇ ਵਾਧੂ ਰੇੜ੍ਹੀਆਂ ਲਵਾਈਆਂ ਹੋਈਆਂ ਸਨ। ਮੈਂ ਸਟਾਫ ਨੂੰ ਵਾਧੂ ਮੱਲੀ ਥਾਂ ਤੇ ਕਬਜ਼ਾ ਹਟਾਉਣ ਲਈ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਜੋ ਦੁਕਾਨਦਾਰ ਬਰਦਾਸ਼ਤ ਨਾ ਕਰ ਸਕੇ। ਮੇਰਾ ਅਮਲਾ ਢਿੱਲ ਮੱਠ ਕਰਦਾ ਦਿਸਿਆ ਜੋ ਉਹਨਾਂ ਨਾਲ ਮਿਲਿਆ ਹੋਇਆ ਸੀ। ਮੇਰੇ ਖਿਲਾਫ ਡੈਪੂਟੇਸ਼ਨ ਡੀ.ਸੀ. ਸਾਹਿਬ ਨੂੰ ਮਿਲਿਆ। ਡੀ.ਸੀ. ਸਾਹਿਬ ਨੇ ਮੈਨੂੰ ਵੱਖਰਿਆਂ ਬੁਲਾ ਕੇ ਕਿਹਾ, “ਦੁਕਾਨਦਾਰਾਂ ਨਾਲ ਬੈਠ ਕੇ ਕੋਈ ਵਿਚਲਾ ਰਸਤਾ ਲੱਭੋ।”” ਵਿਚਲਾ ਰਸਤਾ ਤਾਂ ਮੇਰਾ ਚੁੱਪ ਰਹਿਣਾ ਸੀ, ਜੋ ਮੈਂ ਕਰ ਨਾ ਸਕਿਆ।

“ਅਗਲੇ ਦਿਨ ਜਦ ਮੈਂ ਆਪਣੇ ਦਫਤਰ ਜਾ ਰਿਹਾ ਸੀ, ਰਾਹ ਵਿਚ ਇੱਕ ਲੋਹੇ ਦੇ ਕਾਰਖਾਨੇ ਦੇ ਬਾਹਰ ਲੋਹੇ ਦੇ ਬੁਰਾਦੇ ਦੇ ਢੇਰ ਲੱਗੇ ਹੋਏ ਸਨ। ਇੱਥੋਂ ਤਕ ਕਿ ਬੁਰਾਦਾ ਸੜਕ ਤਕ ਫੈਲਿਆ ਹੋਇਆ ਸੀ। ਮੈਂ ਤਾਂ ਬਚ ਗਿਆ, ਮੇਰੇ ਡਰਾਈਵਰ ਦੀਆਂ ਅੱਖਾਂ ਵਿਚ ਬੁਰਾਦਾ ਪੈ ਗਿਆ। ਉਸ ਜੀਪ ਰੋਕ ਦਿੱਤੀ। ਡਰਾਈਵਰ ਦੀ ਸੀਟ ਤੇ ਬੈਠ ਕੇ ਮੈਂ ਆਪ ਜੀਪ ਚਲਾ ਕੇ ਦਫਤਰ ਲੈ ਆਂਦੀ ਤੇ ਡਰਾਈਵਰ ਨੂੰ ਹਸਪਤਾਲ ਭੇਜ ਦਿੱਤਾ।

“ਮੈਂ ਨਗਰ ਕੌਂਸਲ ਦੇ ਸੁਪਰਡੈਂਟ ਨੂੰ ਬੁਲਾ ਕੇ ਕਾਰਖਾਨੇ ਦੇ ਮਾਲਿਕ ਨੂੰ ਨੋਟਿਸ ਜਾਰੀ ਕਰਨ ਲਈ ਕਿਹਾ। ਉਸ ਅੱਗੋਂ ਕਿਹਾ, “ਸਰ, ਬੇਨਤੀ ਹੈ ਕਿ ਇਸ ਭੂੰਡਾਂ ਦੀ ਖੱਖਰ ਨੂੰ ਨਾ ਛੇੜੋ ਤਾ ਚੰਗਾ ਹੈ। ਮੁੱਖ ਮੰਤਰੀ ਤਕ ਇਸ ਦੀ ਸਿੱਧੀ ਪਹੁੰਚ ਹੈ। ਜਦ ਕਦੇ ਮੁੱਖ ਮੰਤਰੀ ਇਸ ਸ਼ਹਿਰ ਆਉਂਦੇ ਹਨ, ਉਹਨਾਂ ਦਾ ਖਾਣਾ ਇਸ ਕਾਰਖਾਨੇ ਦੇ ਮਾਲਿਕ ਦੇ ਘਰ ਹੁੰਦਾ ਹੈ। ਮੈਂ ਕਿਹਾ – ਜਿਸ ਤਰ੍ਹਾਂ ਕਿਹਾ ਹੈ ਉਸੇ ਤਰ੍ਹਾਂ ਕਰੋ ਤੇ ਅਮਲ ਨਾ ਹੋਣ ਤੇ ਤੁਰੰਤ ਪਿੱਛੋਂ ਦੂਜਾ ਤੇ ਅੰਤਿਮ ਨੋਟਿਸ ਵੀ ਜਾਰੀ ਹੋਵੇ। ਜਦ ਕੋਈ ਅਸਰ ਨਾ ਹੋਇਆ, ਬੁਰਾਦਾ ਉੱਥੇ ਹੀ ਪਿਆ ਰਿਹਾ, ਮੈਂ ਸ਼ਹਿਰ ਦੇ ਵੱਡੇ ਵੱਡੇ ਕਬਾੜੀਆਂ ਨੂੰ ਸੱਦ ਕੇ ਕਿਹਾ, “ਜਿੰਨਾ ਜਿੰਨਾ ਬੁਰਾਦਾ ਚੁੱਕਿਆ ਜਾ ਸਕਦਾ ਹੈ, ਚੁੱਕ ਕੇ ਲੈ ਜਾਉ ਮੇਰੀ ਜ਼ਿੰਮੇਵਾਰੀ ਤੇ।

“ਸਾਰੇ ਮੀਟਿੰਗ ਤੋਂ ਉੱਠ ਕੇ ਚਲੇ ਗਏ, ਕਹਿੰਦੇ ਸੁਣੇ ਗਏ, ਇਹ ਨਵਾਂ ਅਫਸਰ ਹੈ, ਸ਼ਹਿਰ ਤੋਂ ਅਣਜਾਣ ਹੈ। ਪਤਾ ਨਹੀਂ ਇਸ ਇੱਥੇ ਕਿੰਨਾ ਚਿਰ ਰਹਿਣਾ ਹੈ। ਅਸੀਂ ਏਡੇ ਵੱਡੇ ਮਗਰਮੱਛ ਨਾਲ ਦੁਸ਼ਮਣੀ ਕਿਉਂ ਲਈਏ। ਮੈਂ ਹੁਕਮ ਜਾਰੀ ਕੀਤਾ ਕਿ ਮਹਿਕਮੇ ਦੇ ਟਰੱਕਾਂ ਰਾਹੀਂ ਸਾਰੇ ਦਾ ਸਾਰਾ ਬੁਰਾਦਾ ਉਠਾ ਕੇ ਸ਼ਹਿਰ ਤੋਂ ਦੂਰ ਕਿਸੇ ਨੀਵੇਂ ਥਾਂ ਵਿਚ ਸਿਟਾ ਦਿੱਤਾ ਜਾਵੇ। ਨਾਲ ਹੀ ਪੁਲੀਸ ਫੋਰਸ ਦਾ ਪ੍ਰਬੰਧ ਵੀ ਕਰਾ ਦਿੱਤਾ ਗਿਆ।

“ਸਾਰਾ ਬੁਰਾਦਾ ਚੁੱਕਿਆ ਗਿਆ। ਸੜਕ ਸਾਫ ਹੋ ਗਈ ਪਰ ਅਗਲੇ ਦਿਨ ਡੀ.ਸੀ. ਸਾਹਿਬ ਨੇ ਮੈਨੂੰ ਬੁਲਾ ਕੇ ਕਿਹਾ – ਗੱਲ ਉਹੀ ਹੋ ਗਈ ਜਿਸਦਾ ਮੈਨੂੰ ਡਰ ਸੀ। ਤੁਹਾਡੇ ਖਿਲਾਫ ਸ਼ਹਿਰ ਦੇ ਵਿਉਪਾਰੀਆਂ ਦਾ ਡੈਪੂਟੇਸ਼ਨ ਹਲਕੇ ਦੇ ਐਮ.ਐਲ.ਏ. ਨਾਲ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਹੈ। ਲੋਹੇ ਦੇ ਉਸ ਕਾਰਖਾਨੇਦਾਰ ਨੇ ਵੀ ਆਪਣੀ ਫਰਿਆਦ ਮੁੱਖ ਮੰਤਰੀ ਸਾਹਿਬ ਨੂੰ ਵੱਖਰੀ ਕੀਤੀ ਹੈ ਤੇ ਲੋਹੇ ਦੇ ਬੁਰਾਦੇ ਦੀ ਚੋਰੀ ਕਰਾਉਣ ਦੀ ਐਫ.ਆਈ.ਆਰ. ਦਰਜ ਕਰਾਉਣ ਲਈ ਜ਼ੋਰ ਪਾਇਆ ਹੈ। ਤੁਹਾਡੇ ਕਰਕੇ ਮੈਨੂੰ ਵੀ ਖਿੱਚਿਆ ਗਿਆ ਹੈ ਤੇ ਕਿਹਾ ਹੈ ਕਿ ਤੁਹਾਡੇ ਤੋਂ ਇਹੋ ਜਿਹੇ ਬੇਲਗਾਮ ਅਫਸਰਾਂ ਨੂੰ ਨੱਥ ਨਹੀਂ ਪਾਈ ਜਾਂਦੀ। ਆਉਂਦੇ ਸੋਮਵਾਰ ਨੂੰ ਮੁੱਖ ਸਕੱਤਰ ਸਾਹਿਬ ਨੇ ਤੁਹਾਨੂੰ ਬੁਲਾਇਆ ਹੈ ਪੇਸ਼ ਹੋਣ ਲਈ, ਵਕਤ ਸਿਰ ਪਹੁੰਚ ਜਾਣਾ।”

“ਮੈਂ ਤੜਕੇ ਤੜਕੇ ਜੀਪ ਤੇ ਬੈਠ ਕੇ ਵਕਤ ਤੋਂ ਕੁਝ ਸਮਾਂ ਪਹਿਲਾਂ ਹੀ ਮੁੱਖ ਸਕੱਤਰ ਸਾਹਿਬ ਦੇ ਦਫਤਰ ਪਹੁੰਚ ਗਿਆ। ਉਹਨਾਂ ਦੇ ਪੀ.ਏ. ਨੂੰ ਆਪਣੀ ਜਾਣ ਪਹਿਚਾਣ ਕਰਾ ਕੇ ਦੱਸਿਆ ਕਿ ਸਾਹਿਬ ਨੇ ਮੈਨੂੰ ਬੁਲਾਇਆ ਹੈ, ਸੋ ਬੰਦਾ ਹਾਜ਼ਰ ਹੈ।

“ਦੁਪਹਿਰ ਹੋ ਗਈ, ਜਦ ਵੀ ਘੰਟੀ ਵੱਜੇ, ਮੈਂ ਸਮਝਾਂ ਮੇਰੀ ਵਾਰੀ ਹੋਣੀ ਹੈ। ਮੈਂ ਪੀ.ਏ. ਨੂੰ ਕਿਹਾ ਕਿ ਸਾਹਿਬ ਨੂੰ ਮੇਰੇ ਹਾਜ਼ਰ ਹੋਣ ਦੀ ਖਬਰ ਤਾਂ ਹੈ? ਉਸ ਕਿਹਾ – ਜਦ ਸਾਹਿਬ ਨੂੰ ਵਿਹਲ ਮਿਲੇਗੀ ਆਪੇ ਬੁਲਾ ਲੈਣਗੇ।

“ਲੰਚ ਟਾਈਮ ਹੋ ਗਿਆ। ਵੱਡੇ ਵੱਡੇ ਅਫਸਰ, ਵਜ਼ੀਰ ਆਦਿ ਸਭ ਆਪੋ ਆਪਣੀਆਂ ਕਾਰਾਂ ਵਿਚ ਬੈਠ ਕੇ ਘਰਾਂ ਨੂੰ ਚਲੇ ਗਏ। ਕਰਮਚਾਰੀ ਆਪੋ ਆਪਣੇ ਲੰਚ ਬਾਕਸ ਖੋਲ੍ਹ ਕੇ ਰੋਟੀਆਂ ਸੇਕਣ ਲੱਗ ਪਏ। ਪੀ.ਏ. ਨੇ ਮੈਨੂੰ ਰਸਮੀ ਤੌਰ `ਤੇ ਪੁੱਛਿਆ – ਸਰ, ਲੰਚ ਲਓਗੇ? ਮੈਂ ਕਿਹਾ – ਨਹੀਂ, ਧੰਨਵਾਦ। ਉਸ ਅੱਗੋਂ ਕਿਹਾ – ਤਿੰਨ ਵਜੇ ਤੋਂ ਪਹਿਲਾਂ ਸਾਹਿਬ ਨੇ ਨਹੀਂ ਪਰਤਣਾ। ਤੁਸੀਂ ਕਿਤੇ ਜਾਣਾ ਹੈ ਤਾਂ ਹੋ ਆਉ। … ਜਾਂ ਘੁੰਮ ਫਿਰ ਲਓ।”

“ਮੇਰੀ ਘਰ ਵਾਲੀ ਨੇ ਮੇਰਾ ਲੰਚ ਪੈਕ ਕਰ ਕੇ ਨਾਲ ਰੱਖਿਆ ਹੋਇਆ ਸੀ। ਲੰਚ ਕਿਸ ਨੂੰ ਸੁੱਝਦਾ ਸੀ? ਮੈਨੂੰ ਆਪਣੀ ਦੁਰਦਸ਼ਾ ਦੇਖ ਕੇ ਆਪਣੇ ਆਪ ਤੇ ਤਰਸ ਆ ਰਿਹਾ ਸੀ। ਸਾਰੀ ਪਾਲਸ਼ ਲੱਥ ਚੁੱਕੀ ਸੀ। ਮੁੱਛਾਂ, ਜੋ ਮੈਂ ਸਦਾ ਅਕੜਾ ਕੇ ਰੱਖਦਾ ਸੀ, ਢਿੱਲੀਆਂ ਪੈਂਦੀਆਂ ਲੱਗੀਆਂ। ਬੜੀ ਮੁਸ਼ਕਿਲ ਨਾਲ ਲੰਚ ਟਾਇਮ ਮੁੱਕਿਆ। ਮੈਂ ਫੇਰ ਢਾਈ ਵਜੇ ਹੀ ਆ ਕੇ ਪੀ.ਏ. ਦੇ ਸਿਰਹਾਣੇ ਬੈਠ ਗਿਆ।

“ਮੇਰੇ ਦੇਖਦੇ ਦੇਖਦੇ ਕਈ ਮੁਲਾਕਾਤੀ, ਸਿਆਸੀ ਲੀਡਰ, ਤੇ ਮਹਿਕਮਿਆਂ ਦੇ ਅਫਸਰ ਆਉਂਦੇ ਤੇ ਮਿਲ ਕੇ ਚਲੇ ਜਾਂਦੇ। ਮੈਂ ਮਨ ਹੀ ਮਨ ਵਿਚ ਕਈ ਸਵਾਲ ਜਵਾਬ ਬਣਾਉਂਦਾ ਤੇ ਢਾਹੁੰਦਾ ਰਿਹਾ।

“ਪੰਜ ਵੱਜ ਗਏ। ਕਰਮਚਾਰੀ ਤੁਰਨੇ ਸ਼ੁਰੂ ਹੋ ਗਏ ਤੇ ਫੇਰ ਜਾ ਕੇ ਕਿਤੇ ਮੈਨੂੰ ਅੰਦਰ ਬੁਲਾਇਆ ਗਿਆ। ਹੁਣ ਤਾਂ ਮੈਨੂੰ ਸਭ ਕੁਝ ਭੁੱਲ ਗਿਆ ਸੀ। ਮੁੱਖ ਸਕੱਤਰ ਸਾਹਿਬ ਨੇ ਕਿਹਾ – ਮੈਨੂੰ ਤਾਂ ਸਖਤ ਕਾਰਵਾਈ ਦੇ ਹੁਕਮ ਸਨ ਪਰ ਮੈਂ ਆਪਣੀ ਪੱਧਰ ਤੇ ਤੁਹਾਨੂੰ ਤਬਦੀਲ ਕਰ ਕੇ ਅਜਿਹੀ ਪੋਸਟ ਤੇ ਲਗਾ ਰਿਹਾ ਹਾਂ ਜਿੱਥੇ ਤੁਸੀਂ ਜਿੰਨਾ ਮਰਜ਼ੀ ਕੰਮ ਕਰਨਾ, ਕਿਸੇ ਨੂੰ ਇਤਰਾਜ਼ ਨਹੀਂ ਹੋਣ ਲੱਗਾ। ਵੈਸੇ ਮੇਰੀ ਰਾਏ ਹੈ, ਜਿੰਨੇ ਪੈਸੇ ਮਿਲਣ ਉੰਨਾ ਹੀ ਕੰਮ ਕਰਨਾ ਚਾਹੀਦਾ। ਜਿੰਨਾ ਗੁੜ ਉੰਨਾ ਮਿੱਠਾ। ਤੁਹਾਨੂੰ ਮਿਊਂਸਪਲ ਕੌਂਸਲ ਵਲੋਂ ਪੰਜ ਸੌ ਰੁਪਏ ਮਹੀਨੇ ਦੇ ਮਿਲਦੇ ਹਨ, ਅਡੀਸ਼ਨਲ ਚਾਰਜ ਹੋਣ ਕਰਕੇ, ਤੇ ਸਰਕਾਰ ਵਲੋਂ ਬਾਰਾਂ ਪੰਦਰਾਂ ਹਜ਼ਾਰ ਮਿਲਦੇ ਹੋਣਗੇ। ਪੰਜ ਸੌ ਵਿਚ ਤਾਂ ਕੇਵਲ ਆਈ ਚਲਾਈ ਦਾ ਕੰਮ ਕਰਨਾ ਬਣਦਾ ਹੈ।” ਬਸ ਦਫਤਰੀ ਡਾਕ ਜਾਂ ਤਨਖਾਹ ਬਿੱਲਾਂ ਤੇ ਦਸਤਖਤ ਆਦਿ, ਪਰ ਤੁਸੀਂ ਤਾਂ ਪੰਜ ਸੌ ਰੁਪਏ ਬਦਲੇ ਪੰਜਾਹ ਹਜ਼ਾਰ ਰੁਪਏ ਮਹੀਨਾ ਦਾ ਕੰਮ ਸ਼ੁਰੂ ਕਰ ਦਿੱਤਾ। ਨਤੀਜਾ ਕੀ ਨਿਕਲਿਆ, ਸ਼ਿਕਾਇਤਾਂ ਹੀ ਸ਼ਿਕਾਇਤਾਂ।

“ਮੇਰੇ ਮਨ ਵਿਚ ਹਰ ਗੱਲ ਦਾ ਜਵਾਬ ਸੀ ਪਰ ਸਾਡੀ ਟ੍ਰੇਨਿੰਗ ਅਜਿਹੀ ਹੈ ਤੇ ਦਸਤੂਰ ਵੀ ਕਿ ਸੀਨੀਅਰ ਅਧਿਕਾਰੀ ਅੱਗੇ ਬੋਲਣਾ ਨਹੀਂ। ਕੇਵਲ ਯੈੱਸ ਸਰ, ਯੈੱਸ ਸਰ ਹੀ ਕਰਨਾ ਹੈ, ਜਿੰਨਾ ਚਿਰ ਉਹ ਆਪ ਤੁਹਾਥੋਂ ਕੁਝ ਪੁੱਛੇ ਨਾ। ਤੇ ਉਦੋਂ ਵੀ ਉੰਨਾ ਹੀ ਉੱਤਰ ਦੇਣਾ ਹੈ ਜੋ ਪੁੱਛਿਆ ਜਾਵੇ। ਮੈਂ ਵੀ ਯੈੱਸ ਸਰ ਯੈੱਸ ਸਰ ਕਰਦਾ ਰਿਹਾ ਤੇ ਆਖਰ ਥੈਂਕ ਯੂ ਸਰ ਕਹਿ ਕੇ ਬਾਹਰ ਆ ਗਿਆ।

“ਮੈਂ ਸਕੱਤਰੇਤ ਦੀਆਂ ਪੌੜੀਆਂ ਤੋਂ ਹੇਠਾਂ ਉੱਤਰ ਰਿਹਾ ਸੀ, ਮੇਰਾ ਗੁੱਸਾ ਉੱਪਰ ਨੂੰ ਚੜ੍ਹ ਰਿਹਾ ਸੀ। ਹੇਠ ਉੱਤਰ ਕੇ ਜਦ ਮੈਂ ਗੁੱਸੇ ਤੇ ਕਾਬੂ ਨਾ ਪਾ ਸਕਿਆ, ਆਪਣੀ ਜੀਪ ਦੇ ਟਾਇਰ ਤੇ ਜ਼ੋਰ ਨਾਲ ਠੁੱਡਾ ਮਾਰਿਆ। ਮੇਰੇ ਪੈਰ ਤੇ ਚੋਟ ਆ ਗਈ। ਦਰਦ ਵੀ ਹੋਇਆ, ਪਰ ਮੈਂ ਕੁਸਕਿਆ ਨਾ। ਮੇਰੇ ਅੰਦਰ ਜੋ ਦਰਦ ਸੀ ਉਹ ਕਿਤੇ ਜ਼ਿਆਦਾ ਸੀ।

“ਮੈਨੂੰ ਇਹ ਤਾਂ ਸਮਝ ਲੱਗ ਗਈ ਸੀ ਕਿ ਇਸ ਉੱਚ ਅਧਿਕਾਰੀ ਨੇ ਮੇਰੇ ਨਾਲ ਅਜਿਹਾ ਜਾਣ ਬੁੱਝ ਕੇ ਕੀਤਾ ਸੀ ਤਾਂ ਜੋ ਮੈਨੂੰ ਆਪਣੀ ਪੁਜ਼ੀਸ਼ਨ ਦਾ ਪਤਾ ਲੱਗ ਜਾਏ। ਮੇਰਾ ਦਬਦਬਾ ਖਤਮ ਹੋ ਜਾਏ ਤੇ ਸਰਕਾਰ ਅਤੇ ਸਮਾਜ ਦੇ ਸਿਸਟਮ ਤੋਂ ਮੈਂ ਵਾਕਿਫ ਹੋ ਜਾਵਾਂ ਤੇ ਅੱਗੇ ਲਈ ਸੁਚੇਤ ਰਹਾਂ। ਇੱਕ ਚੰਗੇ ਬੀਬੇ ਰਾਣੇ ਬੱਚੇ ਵਾਂਗ।

“ਦੋ ਦਿਨਾਂ ਪਿੱਛੋਂ ਮੇਰੀ ਬਦਲੀ ਦੇ ਹੁਕਮ ਆ ਗਏ। ਸ਼ਹਿਰ ਦੇ ਵਿਉਪਾਰੀਆਂ ਤੇ ਕਾਰਖਾਨੇਦਾਰਾਂ ਤੇ ਸਿਆਸੀ ਲੀਡਰਾਂ ਨੂੰ ਤਾਂ ਪਹਿਲਾਂ ਹੀ ਜਾਣਕਾਰੀ ਸੀ। ਉਹਨਾਂ ਨੇ ਮੇਰੀ ਬਦਲੀ ਨੂੰ ਆਪਣੀ ਜਿੱਤ ਸਮਝ ਕੇ ਜਸ਼ਨ ਮਨਾਏ। ਬਾਜ਼ਾਰਾਂ ਵਿਚ ਦੀਪ ਮਾਲਾ ਵੀ ਕੀਤੀ। ਲੱਡੂ ਵੰਡੇ ਗਏ।

“ਮੈਂ ਆਪਣੇ ਸਟਾਫ ਨੂੰ ਕਿਹਾ – ਇੱਕ ਟਰੱਕ ਦਾ ਪ੍ਰਬੰਧ ਕੀਤਾ ਜਾਵੇ। ਮੈਂ ਕੱਲ੍ਹ ਦੁਪਹਿਰੇ ਕੋਠੀ ਖਾਲੀ ਕਰ ਕੇ ਚਲੇ ਜਾਣਾ ਹੈ। – ਮੇਰੀ ਘਰ ਵਾਲੀ ਨੇ ਪੈਕਿੰਗ ਸ਼ੁਰੂ ਕਰ ਦਿੱਤੀ। ਡਰ ਦੇ ਮਾਰਿਆਂ ਮੇਰੇ ਸਟਾਫ ਨੇ ਵਿਦਾਇਗੀ ਪਾਰਟੀ ਵੀ ਨਾ ਕੀਤੀ। ਕੇਵਲ ਡੀ.ਸੀ. ਸਾਹਿਬ ਨੇ ਮੈਨੂੰ ਬੁਲਾ ਕੇ ਇੱਕ ਪਿਆਲਾ ਚਾਹ ਦਾ ਮੇਰੇ ਨਾਲ ਪੀਤਾ ਤੇ ਬੈਸਟ ਔਫ ਲੱਕ ਕਹਿ ਕੇ ਅਲਵਿਦਾ ਕਹਿ ਦਿੱਤਾ। ਸਾਡਾ ਟਰੱਕ ਤਿਆਰ ਸੀ। ਮੈਂ, ਮੇਰੀ ਘਰਵਾਲੀ ਤੇ ਬਿੱਲੂ ਕਾਰ ਵਿਚ ਬੈਠ ਗਏ। ਟਰੱਕ ਤਾਂ ਚੱਲ ਪਿਆ, ਮੈਂ ਕਾਰ ਸਟਾਰਟ ਕਰਨ ਵਾਲਾ ਹੀ ਸੀ ਕਿ ਮੇਰੀ ਨਜ਼ਰ ਬੱਚਿਆਂ ਦੀ ਇੱਕ ਭੀੜ, ਜੋ ਸਾਡੇ ਵਲ ਹੀ ਦੌੜ ਕੇ ਆ ਰਹੇ ਸਨ, ’ਤੇ ਪਈ, ਜੋ ਸਾਨੂੰ ਰੁਕ ਜਾਣ ਦਾ ਇਸ਼ਾਰਾ ਕਰ ਰਹੇ ਸਨ।

“ਬਿੱਲੂ ਨੇ ਜਦ ਦੇਖਿਆ, ਬੱਚੇ ਉਸਦੀ ਕਲਾਸ ਦੇ ਸਾਥੀ ਸਨ ਤਾਂ ਉਹ ਝੱਟ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਿਆ। ਬੱਚਿਆਂ ਦੇ ਹੱਥਾਂ ਵਿਚ ਫੁੱਲਾਂ ਦੇ ਹਾਰ ਤੇ ਬੁਕੇ ਸਨ। ਕਈਆਂ ਨੇ ਗਿਫਟ ਲਿਆਂਦੇ ਸਨ। ਉਹਨਾਂ ਵਾਰੋ ਵਾਰੀ ਬਿੱਲੂ ਦੇ ਗਲ਼ ਵਿਚ ਹਾਰ ਪਾਏ। ਗਿਫਟ ਪੇਸ਼ ਕੀਤੇ। ਬਿੱਲੂ ਦਾ ਫੁੱਲਾਂ ਦੇ ਸਿਹਰਿਆਂ ਨਾਲ ਗਲ਼ਾ ਭਰ ਗਿਆ। ਬਿੱਲੂ ਬਹੁਤ ਖੁਸ਼ ਸੀ। ਬਿੱਲੂ ਦੇ ਕਲਾਸ ਟੀਚਰ ਵੀ ਮਗਰੇ ਮਗਰ ਪਹੁੰਚ ਗਏ। ਉਨ੍ਹਾਂ ਬਿਲੂ ਨੂੰ ਗਲ਼ ਨਾਲ ਲਾ ਕੇ ਬਹੁਤ ਪਿਆਰ ਕੀਤਾ।

“ਮੈਂ ਤੇ ਮੇਰੀ ਘਰ ਵਾਲੀ ਨੇ ਕਾਰ ਵਿੱਚੋਂ ਬਾਹਰ ਨਿੱਕਲ ਕੇ ਸਾਰੇ ਬੱਚਿਆਂ ਦੇ ਸਿਰਾਂ ਤੇ ਪਿਆਰ ਦਿੱਤਾ ਤੇ ਉਹਨਾਂ ਦਾ ਬਿੱਲੂ ਨੂੰ ਇਸ ਤਰ੍ਹਾਂ ਨਿੱਘੀ ਵਿਦਾਇਗੀ ਦੇਣ ਲਈ ਧੰਨਵਾਦ ਵੀ ਕੀਤਾ। ਅਸੀਂ ਮਾਸਟਰ ਜੀ ਤੋਂ ਵਿਦਾਇਗੀ ਦੀ ਆਗਿਆ ਲਈ ਤੇ ਕਾਰ ਵਿਚ ਬੈਠ ਗਏ। ਮੈਂ ਕਾਰ ਚਲਾ ਰਿਹਾ ਸੀ। ਬਿੱਲੂ ਬਹੁਤ ਸਿਆਣਾ ਨਿੱਕਲਿਆ। ਉਸ ਰਾਹ ਵਿਚ ਕੋਈ ਗੱਲ ਕਰਨੀ ਠੀਕ ਨਾ ਸਮਝੀ। ਮੈਨੂੰ ਚੱਲ ਰਹੇ ਸਿਸਟਮ ਵਿਚ ਆਪਣੀ ਹਾਰ ਪਰ ਇਨ੍ਹਾਂ ਛੋਟੇ ਛੋਟੇ ਬੱਚਿਆਂ ਵਿੱਚੋਂ ਆਸ ਦੀ ਕਿਰਨ ਦਿਖਾਈ ਦਿੱਤੀ ਜੋ ਸ਼ਾਇਦ ਇਸ ਭ੍ਰਿਸ਼ਟ ਸਿਸਟਮ ਨੂੰ ਬਦਲ ਦੇਣ।”

-ਭੁਪਿੰਦਰ ਸਿੰਘ ਨੰਦਾ