ਲੈ ਦੇ ਸੁਰਮੇਦਾਨੀ ਨੀਂ ਮਾਏ…

ਸਮੇਂ ਦੇ ਬਦਲਾਅ ਨਾਲ ਜਿਵੇਂ ਪਰਾਂਦੀਆਂ, ਨਥਲੀਆਂ, ਸੱਗੀਆਂ ਤੇ ਸ਼ਿੰਗਾਰ ਨਾਲ ਜੁੜੀਆਂ ਹੋਰ ਚੀਜ਼ਾਂ ਦੂਰ ਜਾ ਰਹੀਆਂ ਨੇ, ਬਿਲਕੁਲ ਉਵੇਂ ਹੀ ਅੱਖਾਂ ਦੀ ਖੂਬਸੂਰਤੀ ਵਧਾਉਣ ਵਾਲੇ ਸੁਰਮੇ ਨੂੰ ਜਮ੍ਹਾਂ ਰੱਖਣ ਵਾਲੀ ਸੁਰਮੇਦਾਨੀ ਵੀ ਇਕ ਤਰ੍ਹਾਂ ਨਾਲ ਅਲੋਪ ਜਿਹੀ ਹੁੰਦੀ ਜਾ ਰਹੀ ਏ | ਇਕ ਵਕਤ ਅਜਿਹਾ ਵੀ ਸੀ, ਜਦੋਂ ਸੁਰਮੇਦਾਨੀ ਹਰ ਸੁਹਾਗਣ ਦੀ ਸੁਹਾਗ ਪਟਾਰੀ ਵਿਚ ਸ਼ਾਮਿਲ ਹੁੰਦੀ ਸੀ | ਨਵੇਂ ਪੋਚ ਦੇ ਬਹੁਤਿਆਂ ਨੂੰ ਸ਼ਾਇਦ ਸੁਹਾਗ ਪਟਾਰੀ ਬਾਰੇ ਵੀ ਨਾ ਪਤਾ ਹੋਵੇ ਪਰ ਮਾਲਵੇ ਦਾ ਇਹ ਪ੍ਰਚੱਲਤ ਸ਼ਬਦ ਹੈ, ਜਿਸ ਵਿਚ ਔਰਤਾਂ ਆਪਣੇ ਦਿਲਖਿੱਚਵੇਂ ਡੱਬੇਨੁਮਾ ਬਕਸੇ ਵਿਚ ਸ਼ਿੰਗਾਰ ਦੀਆਂ ਸਾਰੀਆਂ ਚੀਜ਼ਾਂ ਰੱਖਦੀਆਂ ਸਨ |
ਪੰਜਾਬ ਦੇ ਹਰ ਪੱਖ ਤੇ ਪੰਜਾਬੀਆਂ ਦੀ ਹਰ ਆਮ-ਖਾਸ ਗੱਲ ਨਾਲ ਸਬੰਧਿਤ ਅਣਗਿਣਤ ਗੀਤ, ਬੋਲੀਆਂ, ਕਹਾਣੀਆਂ ਤੇ ਕਿੱਸੇ ਜੁੜੇ ਹੋਏ ਨੇ, ਉਵੇਂ ਹੀ ਪੂਛਾਂ ਵਾਲਾ ਸੁਰਮਾ ਪਾਉਣ ਵਾਲੇ/ਵਾਲੀਆਂ ‘ਤੇ ਅਨੇਕਾਂ ਗੀਤ ਢੁੱਕਦੇ ਨੇ |
ਤਸਵੀਰ ਵਿਚਲੀ ਸੁਰਮੇਦਾਨੀ ਦੇਖ ਕੇ 20-25 ਸਾਲ ਪਹਿਲਾਂ ਵਾਲੇ ਸਾਰੇ ਦਿ੍ਸ਼ ਮੂਹਰੇ ਆ ਖਲੋਂਦੇ ਨੇ | ਮਾਮੇ-ਮਾਸੀਆਂ ਦੇ ਵਿਆਹਾਂ ਮੌਕੇ ਰਿਸ਼ਤੇਦਾਰ ਮੇਲਣਾਂ-ਗੇਲਣਾਂ ਨੂੰ ਤਿਆਰ ਹੋ ਕੇ ਸੁਰਮਾ ਪਾਉਣ ਦਾ ਏਨਾ ਚਾਅ ਸੀ,…..

ਕਿ ਸੁਰਮੇਦਾਨੀ ਇਕ ਤੋਂ ਦੂਜੇ ਹੱਥ ਤੱਕ ਘੁੰਮਦੀ ਰਹਿੰਦੀ ਸੀ | ਕੋਈ ‘ਪਹਿਲਾਂ ਮੈਨੂੰ’ ਕਹਿ ਰਿਹਾ ਸੀ ਤੇ ਕੋਈ ‘ਹੁਣ ਨਹੀਂ ਮਿਲਣੀ’ ਕਹਿ ਦੂਜਿਆਂ ਨੂੰ ਚਿੜਾ ਰਿਹਾ ਸੀ | ਗੱਲ ਕੀ ਸਭ ਔਰਤਾਂ ਇੰਜ ਸਮਝ ਰਹੀਆਂ ਸਨ, ਜਿਵੇਂ ਸੁਰਮਾ ਪਾਏ ਬਿਨਾਂ ਉਨ੍ਹਾਂ ਦਾ ਤਿਆਰ ਹੋਣਾ, ਸ਼ਿੰਗਾਰ ਕਰਨਾ ਅਧੂਰਾ ਰਹਿ ਜਾਏਗਾ |

ਵੱ ਖੋ-ਵੱਖਰੇ ਡਿਜ਼ਾਈਨ ਵਾਲੀਆਂ ਸੁਰਮੇਦਾਨੀਆਂ ਸਭ ਨੂੰ ਆਪਣੇ ਵੱਲ ਖਿੱਚਦੀਆਂ ਸਨ | ਮੇਲਿਆਂ ਵਿਚੋਂ ਸੁਰਮੇਦਾਨੀ ਲੈਣ ਵਾਲੀਆਂ ਕੁੜੀਆਂ ਦੀ ਘਾਟ ਨਹੀਂ ਸੀ ਹੁੰਦੀ ਤੇ ਵਿਆਹਾਂ ਮੌਕੇ ਤਾਂ ਬਜ਼ਾਰਾਂ ਵਿਚੋਂ ਜਿੱਥੇ ਹੋਰ ਚੀਜ਼ਾਂ ਦੀ ਖਰੀਦਦਾਰੀ ਹੁੰਦੀ, ਉਥੇ ਸੁਰਮੇਦਾਨੀ ਨੂੰ ਭੁੱਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ |
ਅੱਜ ਸੁਰਮੇਦਾਨੀ ਕਿਸੇ-ਕਿਸੇ ਘਰ ਦੇਖਣ ਨੂੰ ਮਿਲਦੀ ਹੈ, ਕਿਉਂਕਿ ਸੁਰਮੇ ਵਾਲਾ ਰਿਵਾਜ ਬਹੁਤ ਹੱਦ ਤੱਕ ਘੱਟ ਗਿਆ ਹੈ | ਥਾਂ-ਥਾਂ ਸੁੰਦਰਤਾ ਵਧਾਉਣ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਨੇ ਤੇ ਉਥੇ ਜਾ ਕੇ ਨਵੇਂ ਦੌਰ ਦਾ ਮੇਕਅੱਪ ਹੋ ਜਾਂਦਾ ਏ | ਫਿਰ ਵੀ ਅਤੀਤ ਨੂੰ ਯਾਦ ਕਰਦਿਆਂ ਕਈ ਇਹੋ ਜਿਹੀਆਂ ਚੀਜ਼ਾਂ ਤੇ ਉਨ੍ਹਾਂ ਨਾਲ ਜੁੜੀਆਂ ਗੱਲਾਂ ਜ਼ਿਹਨ ਵਿਚ ਆਣ ਖਲੋਂਦੀਆਂ ਨੇ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਵੀ ਭੁੱਲਿਆ ਨਹੀਂ ਜਾ ਸਕਦਾ |
-ਸਵਰਨ ਸਿੰਘ ਟਹਿਣਾ