ਸਥਾਨ ਵਿਸ਼ੇਸ਼ਤਾ ਦੇ ਕਬਿੱਤ

1

ਧਿਆੜੇ ਵਿੱਚ ਰੂਪ ਬਾਹਲੇ, ਪੁਆਧ ਵਿੱਚ ਕੂਪ ਬਾਹਲੇ,
ਦੁਆਬੇ ਅੰਬ-ਚੂਪ ਬਾਹਲੇ, ਕੀਮਤਾਂ ਨੇ ਰੈਲੀਆਂ ।
ਰਾਵੀ ਵਿੱਚ ਚੋਰ ਬਾਹਲੇ, ਮਾਝੇ ਮੱਲ ਜ਼ੋਰ ਬਾਹਲੇ,
ਬਾਹੀਏ ਵਿੱਚ ਖੋਰ ਬਾਹਲੇ, ਅੱਖਾਂ ਰਹਿਣ ਮੈਲੀਆਂ ।
ਬਾਰ ‘ਚ ਬਨੋਟੇ ਬਾਹਲੇ, ਦੰਦੀ ਲੋਕ ਖੋਟੇ ਬਾਹਲੇ,
ਨੈਂ ‘ਚ ਵਾਹੁਣ ਝੋਟੇ ਬਾਹਲੇ, ਹੈ ਕਰੜ ਪੈਲੀਆਂ ।
ਥਲੀ ‘ਚ ਟੱਪ ਬਾਹਲੇ, ਲਈਏ ਰਹਿਣ ਸੱਪ ਬਾਹਲੇ,
ਸ਼ਾਇਰ ਲਾਉਣ ਗੱਪ ਬਾਹਲੇ ਅਸੀਂ, ਸੱਚ ਗੱਲਾਂ ਕਹਿਲੀਆਂ ।
2

ਜੰਘੀਰਾਣੇ ਸ਼ਾਇਰ, ਤੇ ਬੰਬੀਹੇ ਕਾਨੂੰਨੀ ਬਾਹਲੇ,
ਰਾਇਕੇ ਲੁੱਚੜ ਤੇ, ਭੁੱਖੜ ਲੋਕ ਮਾਨਾਂ ਦੇ ।
ਕਾਲ ਝਰਾਨੀ ਪਿੰਡ ਜੂਏ ਦਾ ਵਣਜ ਬਾਹਲਾ,
ਬੀਦੋ ਵਾਲੀ, ਬਾਦਲ ਨੱਗਰ ਖ਼ਾਨਦਾਨਾਂ ਦੇ ।
ਚੱਕ ਦਾਨਾ ਅੜਬ, ਪੱਧਰ ਲੋਕ ਜੰਡੀਆਂ ਦੇ,
ਲੂਲ ਲਾਲ ਬਾਹੀ, ਸੀਨੇ ਗਜ਼ ਚੌੜੇ ਜੁਆਨਾਂ ਦੇ ।
ਬੋਲੀ-ਚੱਲ ਸਿਆਣੇ ਲੋਕ ਆਖਦੇ ਗਿੱਦੜ-ਬਹੇ,
‘ਰਜਬ ਅਲੀ’ ਪਿਉਰੀ ਮਿੱਠੇ ਬੋਲ ਇਨਸਾਨਾਂ ਦੇ ।
3

ਖਿਉਆਲੀ ਜੈਨੇ, ਸਹਿਣੇ ਖੇੜੇ ਦੇ ਪਿਆਰ ਖੋਰੇ,
ਸਿੱਖ ਵਾਲੇ ਹੁਨਰੀ, ਸ਼ਿਕਾਇਤੀ ਲੋਕ ਲੰਮੀ ਦੇ ।
ਖੁੱਡੀਏਂ ਜ਼ਨਾਨੀਆਂ ਤੜ੍ਹੀ ਰੱਖਣ ਮਾਲਕਾਂ ਤੇ,
ਚੰਨੂੰ ਦੇ ਸ਼ਰਾਬੀ ਨਾ ਫ਼ਸਾਦੋਂ ਥੰਮ੍ਹੇ ਥੰਮ੍ਹੀਂ ਦੇ ।
‘ਰਜਬ ਅਲੀ’ ਆਧਨੀਏਂ ਕਹੀਆਂ ਦੀ ਮਸ਼ਹੂਰੀ ਬਾਹਲੀ,
ਝੱਲੀਦੇ ਨ੍ਹੀਂ ਨਖਰੇ ਪਤੂਹੀ-ਖੇੜੇ ਜੰਮੀ ਦੇ ।
4

ਸੰਗਤ ਹਿਸਾਬੀ ਲੋਕ, ਜੈ ਸਿੰਘ ਵਡਿਆਈ-ਖ਼ੋਰ,
ਜੋਧਪੁਰ ਝਾਗੜੂ, ਜ਼ਿਆਦਾ ਗਾਹੜੂ ਦਾਲਾਂ ਦੇ ।
ਅਤਰ ਸਿੰਘ ਵਾਲੇ ਵਿੱਚ ਕੁੱਤਿਆਂ ਦੇ ਸ਼ਿਕਾਰੀ ਬਾਹਲੇ,
ਬਾਜ਼ਕ ਮੇਂ ਸ਼ੌਕ ਤੂੰਬੇ ਬੀਨ ਖੜਤਾਲਾਂ ਦੇ ।
ਨੀਤਨੰਗ ਬਾਂਡੀ, ਲੋਕ ਫੁੱਲੋ ਦੇ ਗਿਆਨੀ ਬਾਹਲੇ,
ਨੰਦ ਗੜ੍ਹ ਰੱਜਿਆ, ਗੁਰੂ ਕੇ ਮਾਰੇ ਕਾਲਾਂ ਦੇ ।
ਧੁੰਨੀਕਿਆਂ ਦੇ ਲੋਕ ਬੇ ਸ਼ਕਲ ਕੁੱਲ ਦੁਨੀਆਂ ‘ਚੋਂ,
‘ਰਜਬ ਅਲੀ’ ਚੰਗੇ ਖਾਣ-ਪੀਣ ਨੂੰ ਮੁਹਾਲਾਂ ਦੇ ।
5

ਨਰੂਆਣੇ ਸਖ਼ੀ, ਨਵੇਂ ਪਿੰਡ ਦੇ ਨਰਮ ਬਾਹਲੇ,
ਵਹਿਮਣ ਤੇ ਸਿਵੀਂਏਂ ਸ਼ੁਕੀਨਣ ਜ਼ਨਾਨੀਆਂ ।
ਚੁੱਘਿਆਂ ‘ਚ ਬਲ ਵਾਲੇ, ਚੱਕਦੇ ਮੁਘਦਰਾਂ ਨੂੰ,
ਬੱਲੂਆਣੇ ਸੇਠ ਕੁੱਲ ਦੇਸ ‘ਚ ਨਿਸ਼ਾਨੀਆਂ ।
ਘੁੱਦੇ ਵਿੱਚ ਗੱਪੀ ਲੋਕ, ਝੁੰਬੇ ਦੇ ਚਹੇਡੀ ਬਾਹਲੇ,
ਬਾਬੂ ਹੁੱਕਾ ਪੀਣ ਤੇ ਮੀਂਏਂ ਦੇ ਲਾਉਣ ਭਾਨੀਆਂ ।
ਤਿਉਣੇ ਲੋਕ ਸੂਰਮੇ, ਮਦਦ ਦੇਣ ਡਾਕੂਆਂ ਨੂੰ,
‘ਰਜਬ ਅਲੀ’ ਲੱਕੜਾਂ ਚਰਾਉਣ ਮੁਲਤਾਨੀਆਂ ।
6

ਤੰਗਵਾਲੀ ਲੌਂਗੋਵਾਲ ਨਾਂਗੇ, ਫੂਸ ਮੰਡੀ ਦੇ ਕਮਾਊ ਬਾਹਲੇ,
ਗਹਿਰੀ ਲੋਕ ਜ਼ਹਿਰੀ ਤੇ, ਘਲੌਟੇ ਜ਼ਿਆਦਾ ਜੱਸੀ ਦੇ ।
ਕੱਚੀ ਭੁੱਚੋ ਭਾਈ ਕੀ ਕਛਹਿਰਿਆਂ ਤੇ ਜ਼ੋਰ ਬਾਹਲਾ,
ਭਾਗੂ ਦੇ ਸਰੋਤੇ ਉਹ ਰੁੱਖੇ, ਜ੍ਹੇ ਲੋਕ ਦੱਸੀ ਦੇ ।
ਬੀਬੀ ਵਾਲੇ, ਬਾਹਲਾ ਦੁੱਧ ਵੇਚਦੇ ਬਜ਼ਾਰ ਵਿੱਚ,
ਸ਼ਮੀਰ ਘਰ ਵੈਲਾਂ ਦਾ ਪਿਆਕ ਮਹਿਣੇ ਲੱਸੀ ਦੇ ।
‘ਰਜਬ ਅਲੀ’ ਸੱਤ ਲੈਣਾਂ ਪੈਂਦੀਆਂ ਬਠਿੰਡੇ ਵਿੱਚ,
ਰੌਣਕ ਜ਼ਿਆਦਾ ਜਿਉਂ ਭੰਬੋਰ ਸ਼ਹਿਰ ਸੱਸੀ ਦੇ ।
7

ਕਿੰਗਰੇ ਦਲੇਰ, ਮੱਖੀ ਚੂਸ ਨੇ ਥਰਾਜ ਵਾਲੇ,
ਜੰਮਦੇ ਫਲਾਤੂ ਕੁਤਰਨ ਕੰਨ ਸਿਆਣੇ ਦੇ ।
ਦਾਨੇ ਵਾਲੇ ਮੂੜ੍ਹ ਤੇ ਗ਼ਰੀਬ ਲੋਕ ਰੱਥੜੀਆਂ ਦੇ,
ਮੜ੍ਹਕ ਵਾਲੇ ਬਾਹਲੇ ਵਿੱਚ ਅਬੁਲ ਖੁਰਾਣੇ ਦੇ ।
ਦਿਉਣ-ਖੇੜੇ ਖਾਂਟ, ਦੱਭ ਵਾਲੀ ਦੇ ਚਲਾਕ ਬਾਹਲੇ,
ਤਪੇ ਖੇੜੇ ਚੋਰ ਅੜੇ ਰਹਿੰਦੇ ਵਿੱਚ ਠਾਣੇ ਦੇ ।
ਵੇਚ ਕੇ ਜ਼ਮੀਨਾਂ ਕੁੱਲ ਲਾਰੀਆਂ ਚਲਾਉਣ ਲੱਗੇ,
‘ਰਜਬ ਅਲੀ’ ਬੜੇ ਬੇ-ਲਿਹਾਜ਼ ਮਾਹੂਆਣੇ ਦੇ ।
8

ਦਿਉਣ ਵਾਲੇ ਬਾਹਲੇ ਲੋਕ ਗਿੱਲਾਂ ਦੇ ਮਿਲਣ ਸਾਰ,
ਹੱਥ ਜੋਗਾ ਨੰਦ ਮੇਂ, ਖ਼ਰਚ ਵੱਲੋਂ ਘੁੱਟੀ ਦੇ ।
ਭੋਖੜੇ ਦੇ ਵਿੱਚ ਬਾਹਲੀ ਪਰਖ ਕਵੀਸ਼ਰੀ ਦੀ,
ਤੇ ਗੋਬਿੰਦ ਪੁਰ ਰਹਿ ਅਨੰਦ ਬਾਹਲੇ ਲੁੱਟੀ ਦੇ ।
ਨੇਹੀਆਂ ਵਾਲੇ ਦੇ ਦਾਨਿਆਂ ‘ਚ ਧਰਨ ਪੈਰ,
ਕਰਦੇ ਭਜਨ ਦਿਨੇ ਰਾਤ ਝੱਬ ਲੁੱਟੀ ਦੇ ।
‘ਰਜਬ ਅਲੀ’ ਬੜੇ ਗੋਨਿਆਣੇ ਦੇ ਸ਼ਰੀਫ਼ ਬਾਹਲੇ,
ਛੋਟੇ ਗੋਨਿਆਣੇ ਦੇ, ਹਮੇਸ਼ਾ ਥਾਣੇ ਕੁੱਟੀ ਦੇ ।
9

ਜੀਰੇ ਦੇ ਇਲਾਕੇ ਵਿੱਚ ਚੋਰੀ ਦਾ ਰਵਾਜ ਬਾਹਲਾ,
ਢੱਗੀ ਵੱਛੀ ਹੱਕ ਕੇ ਲੁਕਣ ਵਿੱਚ ਝੱਲ ਦੇ ।
ਅੰਮ੍ਰਿਤਸਰ ਤੇ ਲਹੌਰ ਦੇ ਘੁਲੌਟੇ ਬਾਹਲੇ,
ਘਰ ਘਰ ਪੱਟੇ ਵੇ ਨੇ ਖਾੜੇ ਮੱਲ ਮੱਲ ਦੇ ।
ਲੁਧਿਆਣੇ ਲਵੇ ਦੇ ਲਗੋਜਿਆਂ ਦੇ ਸ਼ੌਕੀ ਬਾਹਲੇ,
ਬਾਈਏ ਦੇ ਇਲਾਕੇ ਪਸਤੌਲ ਬਾਹਲੇ ਚੱਲਦੇ ।
ਸਾਬੋ ਦੇ ਖਿਡਾਰੀ ਝੰਡੀ ਲਿਆਉਂਦੇ ਜਾ ਕੇ ਮੇਲਿਆਂ ਤੋਂ,
ਰਜਬਲੀ ਬਾਗੜੀ ਪਿਆਰੇ ਢੋਲ ਢੱਲ ਦੇ ।
10

ਭਾਈ ਕਿਆਂ ਦੇ ਕੇਰੇ ਵਿੱਚ ਪੈਣ ਦੇ ਲਿਬਾਸ ਸੋਹਣੇ,
ਤੇ ਰਸੂਲਪੁਰ ‘ਚ ਵੱਸਣ ਲੋਕ ਭਲੇ ਜੇ ।
ਮਾਨੀ ਖੇੜੇ ਠੱਗ ਸੁਖਚੈਨ ‘ਚ ਲੰਗਾੜੇ ਬਾਹਲੇ,
ਸੀਤੋ ਲੋਕ ਖ਼ੂੰਨੀ ਤੇ ਮਗਜ ਪੁਰ ਚਲੇ ਜੇ ।
ਛਾਪਿਆਂ ਵਾਲੀ ਵਾਲੇ ਗੱਲ ਆਖ ਕੇ ਮੁਕਰ ਜਾਂਦੇ,
ਮਿੱਠੇ ਗਾਲੜੀ ਬੁਰਜ ਕੋਲਿਆਂ ਵਾਲੀ ਲਮ ਗਲੇ ਜੇ ।
ਕੰਗਨ ਖੇੜੇ ਕਾਮੇ ਫੁਲੋ ਖੇੜੇ ਦੇ ਮਿਲਾਪੀ ਬਾਬੂ,
ਛਾਮ ਖੇੜੇ ਢੱਗੇ ਹੱਕ ਲਿਉਂਦੇ ਦਿਨ ਢਲੇ ਜੇ ।
11

ਕੰਦੂ ਖੇੜੇ ਨਾਲ ਬੀਕਾਨੇਰ ਦੀ ਸਰਹੱਦ ਲੱਗੇ,
ਕੋਰਾ ਰੇਤਾ ਉੱਡਦਾ ਵਗਣ ਜਦੋਂ ਨੇਰ੍ਹੀਆਂ ।
ਫੱਤੇ ਕੇਰੇ ਹਾਕੂਵਾਲ ਵਾਲੇ ਉੱਚੀਆਂ ਜ਼ਮੀਨਾਂ ਜ਼ਿਆਦੇ,
ਪਾਣੀ ਘੱਟ ਲੱਗਦਾ ਲਗਾਉਂਦੇ ਲੋਕ ਬੇਰੀਆਂ ।
ਘੁਮਿਆਰਾਂ ਤੇ ਲੁਹਾਰਾਂ ਪਿੰਡ ਤੀਸਰਾ ਭੁੱਲਰ ਵਾਲਾ,
ਘੋੜੀਆਂ ਦਾ ਸ਼ੌਕ ਲੋਕ ਪਾਲਦੇ ਵਛੇਰੀਆਂ ।
ਮਿਡੂ ਖੇੜੇ ਲੋਕਾਂ ਕੋਲੇ ਖੁੱਲ੍ਹੀਆਂ ਜ਼ਮੀਨਾਂ ਬਹੁਤ,
ਮੈਹਿਣੇ ਭਾਗੂ ਜੁਆਨ ‘ਬਾਬੂ’ ਫੈਂਕਦੇ ਪਸੇਰੀਆਂ ।
12

ਮੋਡੀ ਤੇ ਖੁੱਬਣ ਵਿੱਚ ਜੋੜਿਆਂ ਦੀ ਜ਼ਮੀਨ ਵਾਹਲੀ,
ਆਪ ਰਹਿੰਦੇ ਸ਼ਹਿਰ ਮੁਖਤਿਆਰ ਪਿੰਡੀਂ ਛੱਡੇ ਐ ।
ਖੇਮੇ ਖੇੜੇ ਹਨਗੇ ਸ਼ਿਕਾਰੀ ਬਾਹਲੇ ਮਿਰਗਾਂ ਦੇ,
ਕੁੱਤਿਆਂ ਵਾਲੀ ਪਿੰਡ ਬਣੇ ਧੱਕੜਾਂ ਦੇ ਅੱਡੇ ਐ ।
ਤਰਮਾਲੇ ਪਿੰਡ ਵਿੱਚ ਰਕਬਾ ਬਰਾਨੀ ਬਾਹਲਾ,
ਪਿੰਡ ਦੇ ਨਜ਼ਦੀਕ ਟਿੱਬੇ ਦੀਂਹਦੇ ਵੱਡੇ ਵੱਡੇ ਐ ।
ਕੱਖਾਂ ਵਾਲੀ ਲੋਕ ‘ਬਾਬੂ’ ਮੱਝਾਂ ਦੇ ਵਪਾਰੀ ਬਾਹਲੇ,
ਰੋੜਾਂ ਵਾਲੀ ਮਾਨਾਂ ਕੋਲੇ ਬੜੇ ਸੋਹਣੇ ਗੱਡੇ ਐ ।
13

ਸਿੰਘੇ ਵਾਲੇ ਜੁਆਨ ਹੁੰਦੇ ਭਰਤੀ ਪੁਲੀਸ ਵਿੱਚ,
ਨੌਕਰੀ ਕਰਨ ਤਨਖਾਹਾਂ ਲੈਂਦੇ ਚੰਗੀਆਂ ।
ਫੀਮੀ, ਭੰਗੀ, ਪੋਸਤੀ, ਗੱਗੜ ਦੇ ਜ਼ਿਆਦਾ ਲੋਕ,
ਕਰਦੇ ਕਮਾਈ ਘੱਟ ਘਰੇ ਰਹਿਣ ਤੰਗੀਆਂ ।
ਮਿੱਠੜੀ ਦੇ ਲੋਕ ਊਂ ਤਾਂ ਸ਼ਾਇਰੀ ਦੇ ਸ਼ੁਕੀਨ ਬਾਹਲੇ,
ਪੈਸੇ ਦੇਣ ਵੇਲੇ ਜੇਬਾਂ ਘੁੱਟ ਲਈਆਂ ਢੰਗੀਆਂ ।
ਕੋਟਲੀ ਦੇ ਲੋਕ ਜ਼ਿਆਦਾ ਹੀਰ ਦਾ ਸੁਣਨ ਗਾਉਣ,
‘ਬਾਬੂ’ ਜੀ ਦੁਸਹਿਰੇ ਵੇਲੇ ਗੂੰਜਣ ਸਾਰੰਗੀਆਂ ।
14

ਠੱਠੀ ਤਰਖਾਣ ਬਾਹਲੇ, ਚੀਹਦੇ ਸੋਹਣੇ ਜਵਾਨ ਬਾਹਲੇ,
ਤੇ ਬੰਬੀਹੇ ਗਿਆਨ ਬਾਹਲੇ, ਹੁੰਦੇ ਬਹਿ ਕੇ ਸੱਥਾਂ ‘ਚ ।
ਸੇਖਿਆਂ ਦੇ ਕਮਾਊ ਬਾਹਲੇ, ਬੁਰਜ ਸੰਗਾਊ ਬਾਹਲੇ,
ਵਾਂਦਰ ਲੜਾਊ ਬਾਹਲੇ, ਡਾਂਗਾਂ ਰਹਿਣ ਹੱਥਾਂ ‘ਚ ।
ਮੱਲਕੇ ਸ਼ੋਕੀਨ ਬਾਹਲੇ, ਬੁਰਜ ਦਾਰੂ ਪੀਣ ਬਾਹਲੇ,
ਬਰਗਾੜੀ ਤੀਨ ਬਾਹਲੇ, ਪੱਤੇ ਪੈਣ ਨੱਥਾਂ ‘ਚ ।
ਸਿਵੀਆਂ ‘ਚ ਸੜੇ ਬਾਹਲੇ, ਮਾੜੀ ਪਿੰਡ ਧੜੇ ਬਾਹਲੇ,
ਸਾਹੋ ਪਿੰਡ ਪੜ੍ਹੇ ਬਾਹਲੇ, ਬਾਬੂ ਬਹਿੰਦੇ ਰੱਥਾਂ ‘ਚ ।