ਸਾਵਣ

ਸਾਵਣ ਵਿਚ ਮੌਜਾਂ ਬਣੀਆਂ ਹਨ।

ਬਦਲਾਂ ਨੇ ਤਾਣੀਆਂ ਤਣੀਆਂ ਹਨ।

ਫੌਜਾਂ ਲੱਥੀਆਂ ਘਣੀਆਂ ਹਨ।

ਕਿਰ ‘ਕਿਣ ਮਿਣ’ ਲਾਈ ਕਣੀਆਂ ਗਨ।

ਮੱਟ ਡੁਲ੍ਹਿਆ ਅੰਮ੍ਰਿਤ ਰਸ ਦਾ ਹੈ।

ਛਮ! ਛਮ! ਛਮ! ਸਾਵਣ ਵਸਦਾ ਹੈ।

ਔਹ! ਕਾਲੀ ਬੋਲੀ ਰਾਤ ਪਈ।

ਇੰਦਰ ਦੀ ਢੁੱਕ ਬਰਾਤ ਪਈ।

ਲਾਡ਼ੀ ਬਣਦੀ ਬਰਸਾਤ ਪਈ।

ਬਿਜਲੀ ਆ ਕਰਦੀ ਝਾਤ ਪਈ।

ਇਹ ਮੇਲ ਦਿਲਾਂ ਨੂੰ ਖੱਸਦਾ ਹੈ।

ਛਮ! ਛਮ! ਛਮ! ਸਾਵਣ ਵਸਦਾ ਹੈ।

ਔਹ ਵੱਸ ਪਏ ਬੱਦਲ ਕਾਲੇ ਹਨ।

ਦਗ ਦਗ ਵਗ ਪਏ ਪਰਨਾਲੇ ਹਨ।

ਨੱਕੋ ਨੱਕੇ ਭਰ ਗਏ ਨਾਲੇ ਹਨ।

ਵਹਿਣਾ ਨੂੰ ਆਏ ਉਛਾਲੇ ਹਨ।

ਅੱਜ ਜੋਬਨ ਚਡ਼੍ਹਿਆ ਕੱਸ ਦਾ ਹੈ।

ਛਮ! ਛਮ! ਛਮ! ਸਾਵਣ ਵਸਦਾ ਹੈ।

ਮੱਚ ਬੱਦਲਾਂ ਦੇ ਘਨ-ਘੋਰ ਪਏ।

ਸੁਣ ਸੁਣ ਕੇ ਨੱਚਦੇ ਮੋਰ ਪਏ।

ਡੱਡੂਆਂ ਨੂੰ ਆਵਣ ਲੋਰ ਪਏ।

ਗਿਡ਼ਗਡ਼ਾਉਣ ਜ਼ੋਰੇ ਜ਼ੋਰ ਪਏ।

ਪਿਆ ਇਕ ਦੂਜੇ ਨੂੰ ਦੱਸਦਾ ਹੈ।

ਛਮ! ਛਮ! ਛਮ! ਸਾਵਣ ਵਸਦਾ ਹੈ।

ਅੱਜ ਉਛਲਣ ਟੋਭੇ ਤਾਲ ਪਏ।

ਰੰਗ ਬੰਨ੍ਹਦੇ ਲਹਿਰਾਂ ਨਾਲ ਪਏ।

ਨੱਕੋ ਨੱਕੇ ਦਿਸਦੇ ਖਾਲ ਪਏ।

‘ਡਿਕ ਡੋ ਡੋ’ ਖੇਡਣ ਬਾਲ ਪਏ।

ਕੋਈ ਇਹ ਕਹਿ ਕਹਿ ਕੇ ਨਸਦਾ ਹੈ।

ਛਮ! ਛਮ! ਛਮ! ਸਾਵਣ ਵਸਦਾ ਹੈ।

ਕੋਈ ਤੁਰਦਾ ਉਠਦਾ ਬਹਿੰਦਾ ਹੈ।

ਕੋਈ ਨਚਦਾ ਟਪਦਾ ਢਹਿੰਦਾ ਹੈ।

ਕੋਈ ਡਿੱਗ ਡਿੱਗ ਸੱਟਾ ਸਹਿੰਦਾ ਹੈ।

ਕੋਈ ਉੱਚੀ ਉੱਚੀ ਕਹਿੰਦਾ ਹੈ।

‘ਔਹ ਇੰਦਰ ਰਾਜਾ ਹਸਦਾ ਹੈ।’

ਛਮ! ਛਮ! ਛਮ! ਸਾਵਣ ਵਸਦਾ ਹੈ।

ਵਾਹਣਾਂ ਵਿਚ ਭਰਵਾਂ ਨੀਰ ਪਿਆ।

ਜੱਟ ਖੁਸ਼ ਹੋ ਵੰਡਦਾ ਖੀਰ ਪਿਆ।

ਸੁਰ ਕਰਦਾ ਕਿੰਗ ਫ਼ਕੀਰ ਪਿਆ।

ਅਜ ਵਾਗੀ ਗਾਵੇ ‘ਹੀਰ’ ਪਿਆ।

ਪਿਆ ਗੋਡੇ ਗੋਡੇ ਧਸਦਾ ਹੈ।

ਛਮ! ਛਮ! ਛਮ! ਸਾਵਣ ਵਸਦਾ ਹੈ।

ਹੇ ਸਾਵਣ ਸੋਹਣਿਆਂ! ਵਰ੍ਹਦਾ ਰਹੁ।

ਸਭ ਜੱਗ ਨੂੰ ਠੰਡਿਆਂ ਕਰਦਾ ਰਹੁ।

ਡਲ੍ਹ ਛੱਪਡ਼ ਟੋਭੇ ਭਰਦਾ ਰਹੁ।

ਤੂੰ ਅੰਮ੍ਰਿਤ-ਸੋਮਿਆ! ਝਰਦਾ ਰਹੁ।

ਜੱਗ ਤੇਰੀਆਂ ਤਲੀਆਂ ਝਸਦਾ ਹੈ।

ਤੂੰ ਵਸੇਂ ਤਾਂ ਜੱਗ ਵਸਦਾ ਹੈ।

ਵਿਧਾਤਾ ਸਿੰਘ ਤੀਰ