ਸਿਕਲੀਗਰ – Shiv Kumar Batalvi

ਆਪਣੀ ਧੀ ਲਈ ਯੋਗ ਕੋਈ ਵਰ
ਹੁਣ ਨਹੀਂ ਮੈਨੂੰ ਕੋਈ ਵੀ ਡਰ
ਹੇ ਮੇਰੀ ਸਜਣੀ ਚਿੰਤਾ ਨਾ ਕਰ
ਕੀਹ ਹੋਇਆ ਜੇ ਹਾਂ ਸਿਕਲੀਗਰ ।

ਕੀਹ ਹੋਇਆ ਜੇ ਭੁੱਲ ਚੁੱਕਾ ਹੈ
ਮੈਨੂੰ ਮੇਰਾ ਕੁੱਲ ਕਬੀਲਾ ?
ਲੱਖ ਪਹਾੜਾਂ ਤੋਂ ਭਾਰਾ ਹੈ
ਜ਼ਿੰਦਗਾਨੀ ਦਾ ਸਾਵਾ ਤੀਲਾ
ਇਸ ਤੋਂ ਵੀ ਵੱਧ ਭਾਰਾ ਹੁੰਦੈ
ਜਿਊਣ ਲਈ ਰੁਜ਼ਗਾਰ ਵਸੀਲਾ
ਕੀਹ ਹੋਇਆ ਜੇ ਰੋਟੀ ਖ਼ਾਤਰ
ਮੇਰੇ ਲਈ ਨੇ ਸੱਭੇ ਗਏ ਮਰ
ਮੈਂ ਜ਼ਿੰਦਗਾਨੀ ਨੂੰ ਬਿਲਵਾ ਵਾਕਣ
ਲਾਸ਼ ਕਿਸੇ ਦਾ ਮੋਢਾ ਫੜ ਕੇ
ਜਾਣਾ ਹੈ ਤਰ ।ਜਾਣਾ ਹੈ ਤਰ ।
ਹੇ ਮੇਰੀ ਸਜਣੀ ਚਿੰਤਾ ਨਾ ਕਰ
ਕੀਹ ਹੋਇਆ ਜੇ ਹਾਂ ਸਿਕਲੀਗਰ ।

ਹੇ ਮੇਰੀ ਸਜਣੀ , ਵੇਖ ਕਿ ਤੇਰੀ
ਦੌਣੀ ਵਰਗਾ ਲਹਿੰਦੇ ਵੱਲੇ
ਕੀਕਣ ਥੋਹਰਾਂ ਦੇ ਫੁੱਲ ਜੇਹਾ
ਪੀਲਾ ਸੂਰਜ ਡੁੱਬ ਰਿਹਾ ਹੈ
ਜੀਕਣ ਸਿਵਾ ਮੇਰੀ ਅੰਮਾਂ ਦਾ
ਤਾਜ਼ਾ ਬਲ ਕੇ ਬੁਝ ਰਿਹਾ ਹੈ
ਬਿਲਕੁਲ ਤੇਰੀ ਸਾੜੀ ਵਰਗਾ
ਰੰਗ ਫ਼ਿਜ਼ਾ ਵਿਚ ਉੱਡ ਰਿਹਾ ਹੈ
ਸਜਣੀ ਆਖ਼ਿਰ ਇਸ਼ਕ ਅਸਾਡਾ
ਵਾਹਵਾ ਹੀ ਤਾਂ ਪੁਗ ਰਿਹਾ ਹੈ ।
ਮੇਰੇ ਵਿਹੜੇ ਚਾਂਦੀ ਦਾ
ਇਕ ਬੂਟਾ ਆਖ਼ਿਰ ਉੱਗ ਰਿਹਾ ਹੈ
ਕੀਹ ਹੋਇਆ ਜੇ ਜਿੰਦ ਮੇਰੀ ਦਾ
ਪੀਲਾ ਸੂਰਜ ਡੁੱਬ ਰਿਹਾ ਹੈ ?
ਆਖ਼ਿਰ ਇਕ ਦਿਨ, ਸੁੱਕ ਹੀ ਜਾਂਦੈ
ਹਰ ਜ਼ਿੰਦਗੀ ਦਾ, ਹਰ ਡੂੰਘਾ ਸਰ
ਆਖ਼ਿਰ ਬੱਦਲ ਉੱਡ ਹੀ ਜਾਂਦੈ
ਇਕ ਪਲ, ਦੋ ਪਲ ਜਾਂ ਦੋ ਦਿਨ ਵਰ੍ਹ
ਕੀਹ ਭੈੜਾ ਹੈ
ਇਸ਼ਕ ਜੇ ਮੇਰਾ
ਤੇਰੇ ਤੋਂ ਰੁਜ਼ਗਾਰ ਦਾ ਰਾਹ ਹੈ ?
ਪਰ ਮੇਰਾ ਸੌਖਾ ਤਾਂ ਸਾਹ ਹੈ
ਤੈਨੂੰ ਵੀ ਕੁਝ ਮੇਰਾ ਲਾਹ ਹੈ ?
ਹੇ ਮੇਰੀ ਸਜਣੀ ਚਿੰਤਾ ਨਾ ਕਰ
ਕੀਹ ਹੋਇਆ ਜੇ ਹਾਂ ਸਿਕਲੀਗਰ ।

ਹੇ ਮੇਰੀ ਸਜਣੀ, ਤੂੰ ਸਮਝੇਂਗੀ
ਮੈਂ ਮਧ ਪੀ ਕੇ ਬੋਲੀ ਜਾਂਦਾਂ
ਕਾਮ-ਮੱਤਿਆ ਵਣ ਦੀ ਛਾਂ ਜਿਹੇ
ਤੇਰੇ ਵਾਲ ਵਰੋਲੀ ਜਾਂਦਾਂ
ਕੱਚੀਆਂ ਰੱਤੀਆਂ ਜਿਹੇ ਬੁੱਲ੍ਹ ਸੂਹੇ
ਆਪਣੇ ਸਾਹ ਵਿਚ ਘੋਲੀ ਜਾਂਦਾਂ
ਹੋ ਸਕਦਾ ਹੈ, ਤਿਲ ਮਾਤ੍ਰ
ਕੋਈ ਇਸ ਗੱਲ ਵਿਚ ਸੱਚਾਈ ਹੋਵੇ
ਰੋਜ਼ ਦੇ ਕੋਹਲੂ ਗੇੜੇ ਵਾਕਣ
ਅੱਜ ਵੀ ਮਨ ਵਿਚ ਆਈ ਹੋਵੇ
ਜਿਸਮ ਤੇਰੇ ਦੀ ਭਿੰਨੀ ਖ਼ੁਸ਼ਬੋ
ਅੱਜ ਵੀ ਮੈਨੂੰ ਭਾਈ ਹੋਵੇ
ਫਿਰ ਵੀ ਹੋਸ਼ ਹੈ ਜਿਥੋਂ ਤੀਕਣ
ਅੱਜ ਮੇਰਾ ਅੰਗ ਅੰਗ ਪਿਆ ਠਰਦੈ
ਅੱਜ ਤੇਰੇ ਪਰਮੇਸ਼ਰ ਕੋਲੋਂ
ਪਾਪੀ ਪੇਟ ਪਿਆ ਬਹੁੰ ਡਰਦੈ
ਅੱਜ ਮੈਂ ਈਕਣ ਸੋਚ ਰਿਹਾ ਹਾਂ
ਜਿਉਂ ਜ਼ਿੰਦਗਾਨੀ ਦੇ ਥੇਹਾਂ ਤੇ
ਆਪਣੇ ਗ਼ਮ ਦਾ ਲੋਹਾ ਕੁੱਟਦੇ
ਕਾਲੇ ਲਹੂ ਨੂੰ ਥੁੱਕਦੇ ਥੁੱਕਦੇ
ਆਪਣੀ ਬੁੱਢੀ ਅੰਮਾਂ ਵਾਜਣ
ਮੈਂ ਵੀ ਛੇਤੀ ਜਾਣਾ ਹੈ ਮਰ
ਮੇਰੇ ਲਈ ਨੇ ਬੰਦ ਹੋ ਜਾਣੇ
ਤੇਰੀ ਰਹਿਮਤ ਦੇ ਵੀ ਦਰ
ਪਰ ਤੂੰ ਸਜਣੀ ਚਿੰਤਾ ਨਾ ਕਰ
ਹੰਸ ਹਾਂ, ਖੰਭਾਂ ਵਿਚ ਸਾਹਸ ਹੈ
ਲੱਭ ਹੀ ਲਾਂ ‘ਗਾ ਹਰ(ਹੋਰ) ਕੋਈ ਸਰ
ਕੀ ਹੋਇਆ ਜੇ ਦੇਸ਼ ਨਾ ਨਗਰ
ਨਾ ਕੋਈ ਮੇਰਾ ਘਰ ।
ਕੀ ਹੋਇਆ ਜੇ ਹਾਂ ਸਿਕਲੀਗਰ ।