ਸਿਹਰਿਆਂ ਨਾਲ ਵਿਆਹ

ਮੈਂ ਦੁਨੀਆਂ ਕੋਲੋਂ ਡਰਦੀ ਨਾ,
ਤੈਨੂੰ ਝੂਠੀ ਹਾਮੀ ਭਰਦੀ ਨਾ,
ਉਂਝ ਨਾਂਹ ਚੰਦਰਿਆ ਕਰਦੀ ਨਾ,
ਜਦ ਮਰਜ਼ੀ ਜਾਂਵੀ ਆ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ ਨੱਸ ਕੇ,
ਮੈਨੂੰ ਸਿਹਰਿਆਂ ਨਾਲ ਵਿਆਹ ਮੁੰਡਿਆ।

ਮੈਨੂੰ ਖਿਆਲ ਬਾਪੂ ਦੀ ਪੱਗ ਦਾ ਵੇ,
ਉਲਾਂਭਾ ਨਹੀਂ ਲੈਣਾ ਜੱਗ ਦਾ ਵੇ,
ਇਹ ਕੰਮ ਨਾ ਚੰਗਾ ਲੱਗਦਾ ਵੇ,
ਇੱਜ਼ਤ ਨਹੀਂ ਲਾਉਣੀ ਦਾਅ ਮੁੰਡਿਆ,
ਮੈਂ ਘਰੋਂ ਨਹੀਂ ਜਾਣਾ………………..।

ਇਹ ਗੱਲ ਸਰਾ-ਸਰ ਝੂਠੀ ਵੇ,
ਏਦਾਂ ਨਹੀਂ ਪਾਉਣੀ ‘ਗੂਠੀ ਵੇ,
ਲੈ ਕੇ ਗਿਰੀ ਛਵਾਰੇ ਠੂਠੀ ਵੇ,
ਮੇਰੇ ਸ਼ਗਨ ਝੋਲੀ ਵਿਚ ਪਾ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ……………..।

ਜੇ ਜ਼ਿੰਦਗ਼ੀ ਦਾ ਮਜ਼ਾ ਲੈਣਾ ਵੇ,
ਮੰਨ ‘ਪੁਰੇਵਾਲ’ ਦਾ ਕਹਿਣਾ ਵੇ,
ਸਿੱਧੇ ਰਾਹੇ ਜਾਣਾ ਪੈਣਾ ਵੇ,
ਨਾ ਪੁੱਠੇ ਪਾਸੇ ਜਾ ਮੁੰਡਿਆ।
ਮੈਂ ਘਰੋਂ ਨਹੀਂ ਜਾਣਾ ਨੱਸ ਕੇ,
ਮੈਨੂੰ ਸਿਹਰਿਆਂ ਨਾਲ ਵਿਆਹ ਮੁੰਡਿਆ।

-ਇੰਦਰਜੀਤ ਪੁਰੇਵਾਲ