ਸੀਮਾ – Shiv Kumar Batalvi

ਦੈਨਿਕ ਅਖ਼ਬਾਰ ਦੇ
ਅੱਜ ਪ੍ਰਥਮ ਪੰਨੇ ‘ਤੇ
ਮੇਰੀ ਮਹਿਬੂਬਾ ਦੀ
ਤਸਵੀਰ ਛਪੀ ਹੈ
ਏਸ ਤਸਵੀਰ ‘ਚ
ਕੁਝ ਗੋਰੇ ਬਦੇਸ਼ੀ ਬੱਚੇ
ਤੇ ਇਕ ਹੋਰ ਉਹਦੇ ਨਾਲ
ਖੜ੍ਹੀ ਉਸ ਦੀ ਸਖੀ ਹੈ ।

ਤਸਵੀਰ ਦੇ ਪੈਰੀਂ
ਇਕ ਇਬਾਰਤ ਦੀ ਹੈ ਝਾਂਜਰ
ਇਹ ਕੁੜੀ
ਪਜਿਲੀ ਪੰਜਾਬਣ ਉਹ ਕੁੜੀ
ਜਿਹੜੀ ਪਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿੱਛੋਂ
ਜੋ ਅੱਜ ਦੇਸ਼ ਮੁੜੀ ਹੈ ।

ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ ਹੈ
ਏਸੇ ਹੀ ਕੁੜੀ ਦੀ ਖ਼ਾਤਰ
ਮੇਰੀ ਜ਼ਿੰਦਗੀ ਥੁੜੀ ਥੁੜੀ ਹੈ
ਇਹੋ ਹੈ ਕੁੜੀ
ਜਿਸ ਨੂੰ ਕਿ ਮੇਰੇ ਗੀਤ ਨੇ ਰੋਂਦੇ
ਮਾਸੂਮ ਮੇਰੇ ਖ਼ਾਬ ਵੀ
ਅਵਾਰਾ ਨੇ ਭੌਂਦੇ ।

ਇਹੋ ਹੈ ਕੁੜੀ
ਅਕਸਰ ਮੇਰੇ ਸ਼ਹਿਰ ਜਦ ਆਉਂਦੀ
ਹਰ ਵਾਰ ਜਦੋਂ ਆਉਂਦੀ
ਤਿੰਨ ਫੁੱਲ ਲਿਆਉਂਦੀ
ਗੁਲਦਾਨ ‘ਚ ਤਿੰਨ ਫੁੱਲ ਜਦੋਂ
ਹੱਥੀਂ ਉਹ ਸਜਾਉਂਦੀ
ਮੁਸਕਾ ਕੇ ਤੇ ਅੰਦਾਜ਼ ‘ਚ
ਕੁਝ ਏਦਾਂ ਉਹ ਕਹਿੰਦੀ
ਇਕ ਫੁੱਲ ਕੋਈ ਸਾਂਝਾ
ਤੇਰੇ ਨਾਂ ਦਾ, ਮੇਰੇ ਨਾਂ ਦਾ
ਇਹ ਫੁੱਲ ਕੋਈ ਸਾਂਝਾ
ਕਿਸੇ ਪਿਉ ਦਾ, ਕਿਸੇ ਮਾਂ ਦਾ
ਇਕ ਫੁੱਲ ਮੇਰੀ ਕੁੱਖ ਦੀ
ਸੀਮਾ ਦੇ ਹੈ ਨਾਂ ਦਾ ।

ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ
ਪਜਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪ੍ਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿੱਛੋਂ
ਜੋ ਅੱਜ ਦੇਸ਼ ਮੁੜੀ ਹੈ
ਏਸ ਤਸਵੀਰ ‘ਚ
ਇਕ ਗੋਰੀ ਜਿਹੀ ਨਿੱਕੀ ਬੱਚੀ
ਮੇਰੀ ਮਹਿਬੂਬਾ ਦੀ
ਜਿਸ ਚੀਚੀ ਹੈ ਪਕੜ ਰੱਖੀ
ਓਸ ਦੀ ਸ਼ਕਲ
ਮੇਰੇ ਜ਼ਿਹਨ ‘ਚ ਹੈ ਆ ਲੱਥੀ
ਈਕਣ ਲੱਗਦਾ ਹੈ :
ਇਹ ਮੇਰੀ ਆਪਣੀ ਧੀ ਹੈ
ਮੇਰਾ ਤੇ ਮੇਰੀ ਬੇਲਣ ਦੇ
ਬਿਮਾਰ ਲਹੂ ਦਾ
ਏਸ ਧਰਤੀ ‘ਤੇ ਬਿਜਾਇਆ
ਕੋਈ ਸਾਂਝਾ ਬੀਅ ਹੈ
ਮੇਰੀ ਪੀੜਾ ਦੀ ਮਰੀਅਮ ਦੇ
ਖ਼ਾਬਾਂ ਦਾ ਮਸੀਹ ਹੈ ।
ਮੁੱਦਤ ਤੋਂ ਜਿਦ੍ਹੀ ਖ਼ਾਤਰ
ਬੇਚੈਨ ਮੇਰਾ ਜੀ ਹੈ
ਓਹੋ ਹੀ ਸੀਮਾ ਧੀ ਹੈ
ਕੋਈ ਹੋਰ ਇਹਦਾ ਪਿਉ ਹੈ

ਹਾਂ ਠੀਕ ਕਿਹਾ, ਠੀਕ ਕਿਹਾ
ਇਹੋ ਉਹ ਕੁੜੀ
ਪਜਿਲੀ ਪੰਜਾਬਣ ਉਹ ਕੁੜੀ ਹੈ
ਜਿਹੜੀ ਪਰਦੇਸ ਤੋਂ
ਸੰਗੀਤ ਦੀ ਵਿਦਿਆ ਲੈ ਕੇ
ਛੇ ਵਰ੍ਹੇ ਪਿੱਛੋਂ
ਜੋ ਅੱਜ ਦੇਸ਼ ਮੁੜੀ ਹੈ ।