ਸੁੱਕੀ ਨਦੀ ਦਾ ਗੀਤ

ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।

ਵਿਸ਼ਵ-ਤਪਾਓ, ਵਗਦੀਆਂ ਲੂਆਂ,
ਖਰੀਆਂ ਬਰਫਾਂ, ਪਰਬਤ ਨੰਗੇ।
ਸੜ, ਸੁੱਕ ਝੜ ਗਏ ਵਣ ਦੇ ਕੋਲੋਂ,
ਪੰਛੀ ਅਜੇ ਵੀ ਛਾਂਵਾਂ ਮੰਗੇ।
ਅੱਖਾਂ ਦੇ ਵਿਚ ਨਜ਼ਰ ਖਿੰਡ ਗਈ,
ਧੁੰਦਲਾ, ਧੁੰਦਲਾ ਹੈ ਪ੍ਰਕਾਸ਼।

ਪਿਆਸੇ ਬੱਦਲ, ਛਿਦਰੀਆਂ ਛਾਵਾਂ,
ਛਾਤੀਆਂ ਵਿਚ, ਜਿਓਂ ਸੁੱਕੀਆਂ ਮਾਵਾਂ।
ਕਿਧਰੋਂ ਵੀ ਕਨਸੋਅ ਨਾਂ ਆਵੇ,
ਕਿਸ ਨੂੰ ਪੁੱਛਾਂ? ਕਿੱਧਰ ਜਾਂਵਾਂ?
ਨਾਂ ਧਰਤੀ, ਨਾਂ ਅੰਬਰ ਆਪਣਾਂ,
ਨਦੀ ‘ਚ, ਸੁੱਕੀ ਨਦੀ ਦਾ ਵਾਸ।

ਸੂਰਜ ਹੇਠਾਂ ਥਲ ਤਪਦਾ ਹੈ,
ਅੱਗ ਦੇ ਭਾਂਬੜ ਚਾਰ ਚੁਫੇਰੇ।

ਅੰਦਰ ਵਲ ਨੂੰ ਮੁੜੀਆਂ ਨਜ਼ਰਾਂ,
ਅੰਦਰ ਵੀ ਹਨ ਸੰਘਣੇ ‘ਨ੍ਹੇਰੇ।
ਇਸ ਰੁੱਤੇ, ਇਸ ਉਮਰੇ ਬਣਦਾ,
ਆਪੇ ਵਿਚ, ਆਪਾ ਨਿਰਵਾਸ।

ਏਸ ਨਦੀ ਨੇ ਸੁੱਕ ਜਾਣਾ ਹੈ,
ਸਾਗਰ ਜੇਡ ਹੈ ਇਸਦੀ ਪਿਆਸ।
ਤੁਰਦਿਆਂ, ਤੁਰਦਿਆਂ ਸੋਮੇਂ ਸੁੱਕ ਗਏ,
ਆਪੇ ਵਿਚ, ਆਪਾ ਪਰਵਾਸ।

-ਰਵਿੰਦਰ ਰਵੀ