ਸੰਗਰਾਂਦ – ਸ਼ਿਵ ਕੁਮਾਰ ਬਟਾਲਵੀ

ਪੋਹ ਮਹੀਨਾ
ਸਰਦ ਇਹ ਬਸਤੀ ਪਹਾੜੀ
ਯੱਖ-ਠੰਡੀ ਰਾਤ ਦੇ ਅੰਤਮ ਸਮੇਂ
ਮੇਰੇ ਲਾਗੇ
ਮੇਰੀ ਹਮਦਰਦਣ ਦੇ ਵਾਂਗ
ਸੌਂ ਰਹੀ ਹੈ
ਚਾਨਣੀ ਦੀ ਝੁੰਭ ਮਾਰੀ
ਹੂਬਹੂ ਚੀਨੇ ਕਬੂਤਰਾਂ ਵਾਕਣਾਂ
ਗੁਟਕਦੀ ਤੇ ਸੋਨ-ਖੰਭਾਂ ਨੂੰ ਖਿਲਾਰੀ ।
ਪੋਹ ਮਹੀਨਾ, ਸਰਦ ਇਹ
ਬਸਤੀ ਪਹਾੜੀ ।
ਇਹ ਮੇਰੀ ਵਾਕਫ਼
ਤੇ ਹਮਦਰਦ ਦਾ ਘਰ
ਜਿਸ ‘ਚ ਅੱਜ ਦੀ ਰਾਤ
ਮੈਂ ਇਹ ਹੈ ਗੁਜ਼ਾਰੀ
ਜਿਸ ਦੀ ਸੂਰਤ
ਚੇਤ ਦੇ ਸੂਰਜ ਦੇ ਵਾਂਗ
ਨੀਮ-ਨਿੱਘੀ ਦੂਧੀਆ ਹੈ ਗੁਲਾਨਾਰੀ ।
ਪੋਹ ਦੀ ਸੰਗਰਾਂਦ ਦੇ ਪਰਭਾਤ ਵੇਲੇ
ਨਿੱਤਰੀ ਮੰਦਰ ਦੀ ਚਿਰਨਾਮਤ ਦੇ ਵਾਂਗ
ਠੰਢੀ-ਠੰਢੀ
ਸੁੱਚੀ-ਮਿੱਠੀ ਤੇ ਪਿਆਰੀ
ਸੌਂ ਰਹੀ ਹੈ ਮਹਿਕ ਹੋਠਾਂ ‘ਤੇ ਖਿਲਾਰੀ ।

ਉਫ਼ !
ਕਿੰਨੀ ਹੋ ਰਹੀ ਹੈ ਬਰਫ਼-ਬਾਰੀ
ਏਸ ਬਸਤੀ ਦੀ ਠਰੀ ਹੋਈ ਬੁੱਕਲੇ
ਮਘ ਰਹੀ ਨਾ
ਕਿਤੇ ਵੀ ਕੋਈ ਅੰਗਾਰੀ
ਚੌਹੀਂ-ਪਾਸੀਂ
ਜ਼ਹਿਰ ਮੋਹਰੀ ਬਰਫ਼ ਦਾ
ਮੌਨ ਸਾਗਰ ਹੈ ਪਸਰਦਾ ਜਾ ਰਿਹਾ
ਮੇਰਾ ਦਿਲ, ਮੇਰਾ ਜਿਸਮ, ਮੇਰਾ ਜ਼ਿਹਨ
ਬਰਫ਼ ਸੰਗ ਹੈ ਬਰਫ਼ ਹੁੰਦਾ ਜਾ ਰਿਹਾ
ਦੂਰ ਕਾਲਾ
ਰੁੱਖ ਲੰਮਾ ਚੀਲ੍ਹ ਦਾ
ਸ਼ੀਸ਼ਿਆਂ ਤੋਂ ਪਾਰ ਜੋ ਉਂਘਲਾ ਰਿਹਾ
ਮੈਨੂੰ ਬਸਤੀ ਦੀ
ਬਲੌਰੀ ਪਾਤਲੀ ਵਿਚ
ਸੂਲ ਵੱਤ ਚੁਭਿਆ ਹੈ ਨਜ਼ਰੀਂ ਆ ਰਿਹਾ

ਉਫ਼ !
ਇਹ ਮੈਨੂੰ ਕੀਹ ਹੁੰਦਾ ਜਾ ਰਿਹਾ ?
ਮੇਰੇ ਖ਼ਾਬਾਂ ਦੀ ਸਰਦ ਤਾਬੀਰ ਵਿਚ
ਮੇਰੀ ਹਮਦਰਦਣ ਦਾ ਕੱਚੀ ਗਰੀ ਜੇਹਾ
ਸੁੱਤ-ਉਨੀਂਦਾ ਜਿਸਮ ਬਣਦਾ ਜਾ ਰਿਹਾ
ਹਿੱਮ-ਮਾਨਵ ਵਾਂਗ ਚਲਿਆ ਜਾ ਰਿਹਾ
ਕੌਣ ਦਰਵਾਜ਼ੇ ਨੂੰ ਹੈ ਖੜਕਾ ਰਿਹਾ ?
ਸ਼ਾਇਦ ਹਿਮ-ਮਾਨਵ ਹੈ ਟੁਰਿਆ ਆ ਰਿਹਾ
ਹੇ ਦਿਲਾ ! ਬੇ-ਹੋਸ਼ਿਆ !
ਕੁਝ ਹੋਸ਼ ਕਰ
ਨਾ ਤੇ ਕੋਈ ਆ ਤੇ ਨਾ ਹੀ ਜਾ ਰਿਹਾ
ਇਹ ਤਾਂ ਮੇਰਾ ਵਹਿਮ ਤੈਨੂੰ ਖਾ ਰਿਹਾ ।
ਇਹ ਤਾਂ ਹੈ
ਇਕ ਤੇਰੀ ਹਮਦਰਦਣ ਦਾ ਘਰ
ਸੋਚ ਕਰ, ਕੁਝ ਸੋਚ ਕਰ, ਕੁਝ ਸੋਚ ਕਰ
ਉਹ ਤਾਂ ਪਹਿਲਾਂ ਹੀ
ਅਮਾਨਤ ਹੈ ਕਿਸੇ ਦੀ
ਤੂੰ ਤਾਂ ਐਵੇਂ ਪੀਣ ਗਿੱਲਾ ਪਾ ਰਿਹਾ
ਰੇਸ਼ਮੀ ਜਹੇ ਵਗ ਰਹੇ ਉਹਦੇ ਸਵਾਸ ਤੇ
ਨਜ਼ਰ ਮੈਲੀ ਕਿਸ ਲਈ ਹੈਂ ਪਾ ਰਿਹਾ ?
ਉਹ ਤਾਂ ਮੰਦਰ ਦੀ ਸੁੱਚੀ ਪੌਣ ਵਰਗਾ
ਸੁਆਦ ਤੁਲਸੀ ਦਾ
ਜਿਦ੍ਹੇ ‘ਚੋਂ ਆ ਰਿਹਾ ।

ਹੇ ਮਨਾ !
ਕੁਝ ਸ਼ਰਮ ਕਰ, ਕੁਝ ਸ਼ਰਮ ਕਰ
ਤੂੰ ਤਾਂ ਉੱਕਾ ਹੀ
ਸ਼ਰਮ ਹੈ ਲਾਹ ਮਾਰੀ
ਹੋਣ ਦੇ ਜੇ ਸੁੰਨ ਹੋ ਜਾਏ ਜਿਸਮ ਤੇਰਾ
ਹੋਣ ਦੇ ਜੇ ਸੁੰਨ ਹੋ ਜਾਏ ਉਮਰ ਸਾਰੀ
ਤੂੰ ਤਾਂ ਧੁਰ ਤੋਂ ਗ਼ਮ ਦੀ ਇਕ ਸੰਗਰਾਂਦ ਹੈਂ
ਕਰ ਨਾ ਐਵੇਂ
ਮੂਰਖਾ ਤੂੰ ਨਜ਼ਰ ਮਾੜੀ ।
ਲੱਭ ਹਮਦਰਦੀ ‘ਚੋਂ ਨਾ
ਕੋਈ ਚਿੰਗਾੜੀ
ਵੇਖ, ਤੇਰੇ ਤੋਂ ਵੀ ਵਧ ਕੇ ਸਰਦ ਹੈ
ਫਿਰ ਵੀ ਕਿੰਨੀ ਹੁਸੀਂ
ਬਸਤੀ ਪਹਾੜੀ ।

ਯੱਖ-ਠੰਡੀ ਰਾਤ ਦੇ ਅੰਤਮ ਸਮੇਂ
ਮੇਰੇ ਲਾਗੇ
ਮੇਰੀ ਹਮਦਰਦਣ ਦੇ ਵਾਂਗ
ਸੌਂ ਰਹੀ ਹੈ ਚਾਨਣੀ ਦੀ ਝੁੰਭ ਮਾਰੀ
ਪੋਹ ਮਹੀਨਾ, ਸਰਦ ਇਹ
ਬਸਤੀ ਪਹਾੜੀ ।