ਹਥੇਲੀ ਉਕਰਿਆ ਸੱਚ

ਆਪਣੇ ਇੱਕ ਬਹੁਤ ਹੀ ਨਜ਼ਦੀਕੀ ਦੋਸਤ ਦੀ ਕਾਰ ਵਿੱਚ ਉਹ ਝੂਲਦਾ ਜਾ ਰਿਹਾ ਸੀ। ਪੂਰੀ ਮਸਤੀ ਛਾਈ ਹੋਈ ਸੀ। ਕਾਰ ਵਿੱਚ ਹੋਰ ਕੋਈ ਵੀ ਨਹੀਂ ਸੀ, ਸਿਰਫ ਉਹ ਆਪ ਸੀ ਤੇ ਕਾਰ ਖੁਦ ਡਰਾਈਵ ਕਰ ਰਿਹਾ ਸੀ। ਕਾਰ ਖੁੱਲ੍ਹੀ ਸੜਕ ‘ਤੇ ਮੇਲਦੀ ਜਾ ਰਹੀ ਸੀ। ਉਂਝ ਤਾਂ ਕਾਰਾਂ ਚਲਾ ਚਲਾ ਕੇ ਇੱਕ ਤਰ੍ਹਾਂ ਨਾਲ ਉਹ ਥੱਕ ਹੀ ਚੁੱਕਾ ਸੀ। ਕਿਉਂਕਿ ਹੁਣ ਤੀਕਰ ਉਹ ਕਿਰਾਏ ਦੀ ਟੈਕਸੀ ‘ਤੇ ਸਵਾਰੀਆਂ ਹੀ ਢੋਂਹਦਾ ਆਇਆ ਸੀ। ਆਪਣੀ ਉਚੇਰੀ ਪੜ੍ਹਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਖਾਤਰ।

ਦਰਅਸਲ ਅੱਜ ਉਹ ਇਸ ਲਈ ਆਪਣੇ ਦੋਸਤ ਦੀ ਕਾਰ ਲੈ ਕੇ ਗਿਆ ਸੀ ਤਾਂ ਕਿ ਚੋਣ ਕਮੇਟੀ ਵਾਲੇ ਇਹ ਨਾ ਸਮਝਣ ਕਿ ਉਸ ਦੀ ਹੈਸੀਅਤ ਕੁਝ ਨਹੀਂ। ਆਦਮੀ ਜਿੰਨਾ ਮਰਜ਼ੀ ਸ਼ਰੀਫ ਕਿਉਂ ਨਾ ਹੋਵੇ, ਛੋਟੀ ਮੋਟੀ ਹਊਮੈ ਦਾ ਉਸ ਵਿੱਚ ਆ ਜਾਣਾ ਸੁਭਾਵਿਕ ਹੀ ਹੈ। ਇਸੇ ਹਊਮੈ ਫੋਕੇ ਨੂੰ ਮਾਣ ਦਿਖਾਉਣ ਲਈ ਜਾਂ ਫੇਰ ਸ਼ੁਗਲੀਆ ਤੌਰ ‘ਤੇ ਉਹਨੇ ਕਾਰ ਦਾ ਸਹਾਰਾ ਲਿਆ ਸੀ। ਬੇਸ਼ੱਕ ਉਹਦੇ ਤਨ ਤੇ ਲਿਪਟਿਆ ਗਰਮ ਸੂਟ ਫੀਅਟ ਦੇ ਸਾਹਮਣੇ ਬਿਲਕੁਲ ਫਿੱਕਾ ਸੀ, ਪਰ ਗੱਲਬਾਤ ਤੇ ਸਲੀਕੇ ਨਾਲ ਉਹਨੇ ਫੇਰ ਵੀ ਇੰਟਰਵਿਊ ਕਰਨ ਵਾਲੇ ਅਫਸਰ ਸਾਹਮਣੇ ਆਪਣੀ ਧਾਕ ਜਮਾ ਦਿੱਤੀ ਸੀ।

‘ਮਿਸਟਰ ਸੂਰਜ ਪ੍ਰਕਾਸ਼! ਤੁਹਾਡੀ ਸਿਲੈਕਸ਼ਨ ਤਾਂ ਹੋ ਹੀ ਗਈ ਏ, ਏਸ ਲਈ ਆਪਣਾ ਅਪਾਇੰਟਮੈਂਟ ਲੈਟਰ ਵੀ ਨਾਲ ਲੈ ਕੇ ਜਾਣਾ। ਤੇ ਹਾਂ ਨਾਲ ਹੀ ਇੰਟਰਵਿਊ ‘ਤੇ ਆਉਣ ਜਾਣ ਦਾ ਟੀ ਏ ਡੀ ਏ ਵਗੈਰਾ ਵੀ।’ ਇਥੇ ਆ ਕੇ ਉਹ ਮਾਰ ਖਾ ਗਿਆ ਸੀ। ‘ਪਰ ਫਿਰ ਵੀ ਸਰ! ਟੀ ਏ ਡੀ ਏ ਦੀ ਕੀ ਜ਼ਰੂਰਤ ਹੈ, ਮੈਂ ਕਿਹੜਾ ਬੱਸ ਵਿੱਚ ਆਇਆ ਹਾਂ।’ ਸੂਰਜ ਪ੍ਰਕਾਸ਼ ਨੇ ਬੜੇ ਮਾਣ ਨਾਲ ਆਪਣਾ ਸੀਨਾ ਫੈਲਾਉਂਦਿਆਂ ਆਖਿਆ। ਅਫਸਰ ਵੀ ਹੁਸ਼ਿਆਰ ਸੀ, ਉਹ ਫੱਟ ਤਾੜ ਗਿਆ। ‘ਖੈਰ! ਤੁਹਾਡੀ ਮਰਜ਼ੀ। ਜੇ ਤੁਸੀਂ ਹੁਣ ਨਹੀਂ ਲੈਣਾ ਚਾਹੁੰਦੇ ਤਾਂ ਮਨੀਆਰਡਰ ਜਾਂ ਬੈਂਕ ਡਰਾਫਟ ਰਾਹੀਂ ਤੁਹਾਡੇ ਪਤੇ ‘ਤੇ ਅਪੜਦਾ ਕਰ ਦਿੱਤਾ ਜਾਵੇਗਾ।’ ਇਸ ਵਾਰ ਸੂਰਜ ਛਿੱਥਾ ਪੈ ਗਿਆ, ਉਹਨੂੰ ਕੋਈ ਜਵਾਬ ਨਾ ਅਹੁੜੇ, ਉਹਨੂੰ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਆਖਰ ਚੰਗੇ ਖਿਡਾਰੀਆਂ ਵਾਲੀ ਸਪਿਰਟ ਨਾਲ ਉਹ ਬੋਲ ਉਠਿਆ, ‘ਸਰ ਅਪਾਇਟਮੈਂਟ ਲੈਟਰ ਮੈੈਂ ਲੈ ਜਾਂਦਾ ਹਾਂ।’ ਸੂਰਜ ਪ੍ਰਕਾਸ਼ ਨੇ ਗੱਲ ਦਾ ਰੁਖ਼ ਮੋੜਿਆ, ‘ਦੱਸੋ, ਮੈਂ ਡਿਊਟੀ ‘ਤੇ ਕਦੋਂ ਹਾਜ਼ਰ ਹੋਵਾਂ? ਕੀ ਮੈਂ ਡਿਊਟੀ ‘ਤੇ ਆਪਣੀ ਕਾਰ ਲਿਆਇਆ ਕਰਾਂ? ਸੂਰਜ ਪ੍ਰਕਾਸ਼ ਨੇ ਆਪਣੇ ਮਾਣ ਨੂੰ ਬਰਕਰਾਰ ਰੱਖਦਿਆਂ ਆਖਿਆ ਸੀ।

‘ਨਹੀਂ, ਤੁਹਾਨੂੰ ਬਕਾਇਦਾ ਇੱਕ ਕਾਰ ਮਿਲੇਗਾ, ਡਿਪਾਰਟਮੈਂਟ ਵੱਲੋਂ। ਤੁਸੀਂ ਹੁਣ ਇੱਕ ਪੁਲਸ ਅਫਸਰ ਸਿਲੈਕਟ ਹੋਏ ਹੋ, ਕੋਈ ਮਾਮੂਲੀ ਗੱਲ ਨਹੀਂ।’ ਸੀਨੀਅਰ ਅਧਿਕਾਰੀ ਨੇ ਸੂਰਜ ਪ੍ਰਕਾਸ਼ ਦਾ ਭਵਿੱਖ, ਵਰਤਮਾਨ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਪਰ ਇਸ ਵਾਰ ਸੂਰਜ ਪ੍ਰਕਾਸ਼ ਛਿੱਥਾ ਨਹੀਂ ਪਿਆ ਬਲਕਿ ਉਸਨੂੰ ਆਪਣੇ ਆਪ ‘ਤੇ ਪੂਰਨ ਮਾਣ ਅਤੇ ਵਿਸ਼ਵਾਸ ਜਾਗਿਆ। ਉਹਨੂੰ ਆਪਣੇ ਵਰਤਮਾਨ ਵਿੱਚੋਂ ਉਸ ਦੇ ਸੁਨਹਿਰੇ ਭਵਿੱਖ ਦੇ ਨਾਲ ਨਾਲ ਪਿਛਲਾ ਭੂਤ ਵੀ ਨਜ਼ਰੀਂ ਪਿਆ ਤੇ ਉਹ ਸੋਚਦਾ ਚਲਿਆ ਗਿਆ।

ਜਦੋਂ ਉਹ ਬੱਚਾ ਸਿਰਫ ਪੰਜ-ਛੇ ਵਰ੍ਹਿਆਂ ਦਾ ਸੀ ਤਾਂ ਉਹਦੇ ਪਿਤਾ ਦੀ ਮੌਤ ਹੋ ਗਈ। ਉਹਦੀ ਮਾਂ ਤਾਂ ਉਹਨੂੰ ਜਨਮ ਦੇਣ ਉਪਰੰਤ ਹੀ ਚਲੀ ਗਈ ਸੀ ਤੇ ਉਹ ਇਸ ਤਰ੍ਹਾਂ ਆਪਣੇ ਜਨਮ ਤੋਂ ਹੀ ਅਭਾਗਾ ਹੋ ਗਿਆ ਸੀ। ਰੱਬ ਦਾ ਸ਼ੁਕਰ ਕਿ ਉਹਨੂੰ ਤਰਸ ਕਰ ਕੇ ਇੱਕ ਗੁਆਂਢੀ ਨੇ ਗੋਦ ਲੈ ਲਿਆ। ਨਹੀਂ ਰਿਸ਼ਤੇਦਾਰ ਤਾਂ ਕੋਈ ਨੇੜੇ ਨਹੀਂ ਸਨ ਢੁਕੇ। ਗੁਆਂਢ ਇੱਕ ਗਰੀਬ ਸੀ, ਪਰ ਕਰਦਾ ਉਹ ਤਰਖਾਣੇ ਦਾ ਕੰਮ ਸੀ। ਬਿਲਕੁਲ ਇਕੱਲੀ ਜਿੰਦ। ਨਾ ਉਹਦੀ ਘਰ ਵਾਲੀ ਸੀ ਤੇ ਨਾ ਕੋਈ ਰਿਸ਼ਤੇਦਾਰ। ਦਰਅਸਲ ਉਹਨੇ ਵਿਆਹ  ਕਰਵਾਇਆ ਹੀ ਨਹੀਂ ਸੀ, ਪਰ ਅੱਧ ਖੜੀ ਉਮਰੇ ਉਹਨੂੰ ਘਰ ਗ੍ਰਹਿਸਥੀ ਦਾ ਮੋਹ ਜਿਹਾ ਜਾਗ ਉਠਿਆ ਸੀ। ਇੱਕ ਨਿਹੱਥ ਤੇ ਮਾਸੂਮ ਜਿੰਦ ਨੂੰ ਦੇਖ ਕੇ।

ਜਿਉਂ ਜਿਉਂ ਸੂਰਜ ਪ੍ਰਕਾਸ਼ ਵੱਡਾ ਹੁੰਦਾ ਗਿਆ ਉਹਨੂੰ ਤਿਉਂ ਤਿਉਂ ਹੀ ਸਮਝ ਆਉਂਦੀ ਗਈ ਕਿ ਉਹ ਆਦਮੀ ਜਿਸ ਨੂੰ ਉਹ ਪਿਆਰ ਨਾਲ ਚਾਚਾ ਕਹਿੰਦਾ ਆਇਆ ਸੀ ਉਹਨੂੰ ਉਹ ਕਿੰਨਾ ਪਿਆਰ ਕਰਦਾ ਹੈ। ਢੇਰ ਸਾਰਾ ਏਨਾ ਪਿਆਰ ਕਿ ਕੋਈ ਮਾਂ-ਬਾਪ ਵੀ ਆਪਣੇ ਲਹੂ ਨੂੰ ਨਹੀਂ ਕਰਦਾ। ਦਰਅਸਲ ਜਿਸ ਆਦਮੀ ਨੇ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਤੱਕੇ ਹੋਣ, ਉਹਨੂੰ ਜ਼ਿੰਦਗੀ ‘ਚ ਥੋੜ੍ਹਾ ਜਿਹਾ ਸੁੱਖ ਵੀ ਸਵਰਗ ਲੋਕ ਦੀ ਪ੍ਰਾਪਤੀ ਤੋਂ ਘੱਟ ਮਹਿਸੂਸ ਨਹੀਂ ਹੁੰਦਾ। ਸੂਰਜ ਦੇ ਚਾਚੇ ਨੇ ਨਾ ਦਿਨ ਦੇਖਿਆ ਨਾ ਰਾਤ। ਬਸ ਉਹ ਆਪਣੇ ਹਥਿਆਰ ਲੈ ਕੇ ਖਿੜਕੀਆਂ, ਰੋਸ਼ਨਦਾਨ, ਦਰਵਾਜ਼ੇ ਤੇ ਚੁਗਾਠਾਂ ਆਦਿ ਘੜਦਾ ਰਹਿੰਦਾ। ਬਣਾਉਂਦਾ ਰਹਿੰਦਾ। ਬੇਸ਼ੱਕ ਉਹਦੇ ਆਪਣਏ ਘਰ ਕੋਈ ਵੀ ਖਿੜਕੀ, ਰੋਸ਼ਨਦਾਨ ਜਾਂ ਦਰਵਾਜ਼ਾ ਸਾਬਤ ਸਬੂਤ ਨਹੀਂ ਸੀ, ਪਰ ਉਹ ਲੋਕਾਂ ਵੱਲੋਂ ਕੋਈ ਉਲਾਭਾ ਨਹੀਂ ਸੀ ਆਉਣ ਦਿੰਦਾ। ਉਹ ਲੋਕਾਂ ਲਈ ਹਮੇਸ਼ਾ ਕੰਮ ਕਰਦਾ ਆਇਆ ਸੀ। ਇਹਦੇ ਇਵਜ਼ ‘ਚ ਉਹਨੂੰ ਪੈਸੇ ਮਿਲਦੇ, ਆਪਣਾ ਤੇ ਆਪਣੇ ਸੂਰਜ ਦਾ ਢਿੱਡ ਭਰਨ ਖਾਤਰ।

ਤੇ ਹੁਣ ਤੱਕ ਬੁੱਢਾ ਚਾਚਾ ਲਗਾਤਾਰ ਕੰਮ ਕਰਦਾ ਚਲਿਆ ਆਇਆ ਸੀ। ਕਈ ਵੇਰਾਂ ਤਾਂ ਉਹ ਕੰਮ ਕਰਦਿਆਂ ਕਰਦਿਆਂ ਰੋਟੀ ਪਾਣੀ ਤੱਕ ਵੀ ਭੁੱਲ ਜਾਂਦਾ ਸੀ। ਰਾਤਾਂ ਨੂੰ ਵੀ ਕੰਮ ਕਰਦਾ ਰਹਿੰਦਾ। ਇਕੱਲੀ ਜਿੰਦ ਵਾਸਤੇ ਏਨੇ ਕੰਮ ਦੀ ਲੋੜ ਨਹੀਂ ਹੁੰਦੀ, ਪਰ ਜਦੋਂ ਦਾ ਸੂਰਜ ਉਹਦੀ ਜ਼ਿੰਦਗੀ ਵਿੱਚ ਆ ਸ਼ਾਮਲ ਹੋਇਆ ਸੀ ਤਾਂ ਇਹ ਇੱਕ ਸਿਲਸਿਲਾ ਜਿਹਾ ਬਣ ਗਿਆ ਸੀ। ਦਿਨ ਰਾਤ ਕੰਮ ਕਰਨ ਦਾ। ਕਿਉਂਕਿ ਸਿਰਫ ਦੋ ਜਿੰ਼ਦਾ ਦੀ ਰੋਟੀ ਦਾ ਸਵਾਲ ਨਹੀਂ ਸੀ ਰਹਿ ਗਿਆ, ਬਲਕਿ ਸੂਰਜ ਦੀ ਪੜ੍ਹਾਈ ਦਾ ਵੀ ਤਾਂ ਸਵਾਲ ਆ ਗਿਆ ਸੀ। ਉਹਦੀ ਉਚੇਰੀ ਵਿਦਿਆ ਤੇ ਚੰਗੇ ਭਵਿੱਖ ਦਾ।

ਸੂਰਜ ਦੇ ਚਾਚੇ ਦੇ ਖਿਆਲ, ਉਹਦੇ ਮਨਸੂਬੇ ਬਹੁਤ ਉਚੇ ਤੇ ਨੇਕ ਸਨ। ਉਹ ਪੂਰਨ ਆਸ਼ਾਵਾਦੀ ਸੀ ਤੇ ਸੂਰਜ ਨੂੰ ਵੀ ਉਹ ਅਕਸਰ ਆਖਦਾ ਰਹਿੰਦਾ, ‘ਬੇਟੇ ਸੂਰਜ ਕੀ ਹੋਇਆ ਜੇ ਮੈੈਂ ਵਿਆਹ ਨਹੀਂ ਕਰਾਇਆ। ਮੇਰੇ ਕੋਲ ਆਪਣਾ ਲਹੂ ਨਹੀਂ, ਪਰ ਤੂੰ ਤੇ ਮੇਰਾ ਆਪਣਾ ਏਂ। ਆਪਣਾ ਬੇਟਾ ਮੇਰਾ ਆਪਣੀ ਹੀ ਲਹੂ। ਹੁਣ ਤੂੰ ਹੀ ਮੇਰਾ ਏ। ਸਿਰਫ ਤੂੰ ਹੀ। ਲਹੂ ਤੋਂ ਵੀ ਕਿਤੇ ਵੱਧ ਕੇ। ਹੁਣ ਤੂੰ ਵੀ ਤਾਂ ਜਵਾਨ ਹੋ ਚਲਿਐ।’ ਤੇ ਮੁੱਛ ਫੁੱਟ ਗੱਭਰੂ ਸੂਰਜ ਆਪਣੇ ਚਾਚੇ ਨਾਲ ਲਿਪਟ ਲਿਪਟ ਜਾਂਦਾ। ‘ਨਾ ਚਾਚਾ ਏਦਾਂ ਨਾ ਆਖ। ਮੇਰਾ ਰੋਣ ਨਿਕਲ ਆਉਂਦਾ। ਤੂੰ ਮੇਰੇ ਵਸਤੇ ਸਭ ਕੁਝ ਏ। ਤੂੰ ਮੇਰੇ ਵਾਸਤੇ ਰੱਬ ਬਰਾਬਰ ਏਂ। ਤੂੰ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ। ਪੜ੍ਹਾਇਆ ਲਿਖਾਇਆ ਤੇ ਹੁਣ ਉਚੇਰੀ ਸਿਖਿਆ ਲਈ ਦਿਨ ਰਾਤ ਮਿਹਨਤ ਕਰਨ ਤੇ ਤੁਲਿਐ।’ ਇਹ ਬੋਲਦਿਆਂ ਸੂਰਜ ਪ੍ਰਕਾਸ਼ ਲਗਭਗ ਰੋਣ ਲੱਗ ਜਾਂਦਾ ਸੀ। ਪਰ ਫਿਰ ਉਹ ਸੰਭਲਦੇ ਸੰਭਲਦੇ ਭਰੇ ਜਿਹੇ ਗਲੇ ਨਾਲ ਬੋਲਦਾ ਜਾਂਦਾ। ‘ਚਾਚਾ ਤੂੰ ਹੁਮ ਕੰਮ ਨਾ ਕਰਿਆ ਕਰ। ਤੇਰੇ ਹੱਡ ਕੰਮ ਕਰਨ ਦੇ ਕਾਬਲ ਨਹੀਂ ਰਹੇ। ਮੈਨੂੰ ਖੁਦ ਸ਼ਰਮ ਆਉਂਦੀ ਐ ਕਿ ਇੱਕ ਜਵਾਨ ਪੁੱਤ ਦੇ ਹੁੰਦੇ ਹੋਏ ਬੁੱਢਾ ਬਾਪੂ ਕੰਮ ਕਰੇ?’ ਪਹਿਲੀ ਵਾਰ ਸੂਰਜ ਦੇ ਮੂੰਹੋਂ ਚਾਚੇ ਦੀ ਜਗ੍ਹਾ ਬਾਪੂ ਹੀ ਨਿਕਲਿਆ ਸੀ।

ਸੂਰਜ ਦੇ ਮੂੰਹੋਂ ਬਾਪੂ ਲਫਜ਼ ਸੁਣ ਕੇ ਬੁੱਢਾ ਚਾਚਾ ਗਦ ਗਦ ਹੋ ਉਠਿਆ ਸੀ। ਉਸ ਨੂੰ ਭਾਸਿਆ ਸੀ, ਜਿਵੇਂ ਉਹਦੀ ਵਰ੍ਹਿਆਂ ਦੀ ਮਿਹਨਤ ਰੰਗ ਲਿਆਈ ਹੋਵੇ। ਮਾਰੇ ਖੁਸ਼ੀ ਦੇ ਉਹਦਾ ਆਪਣੀ ਜਾਨ ਤੱਕ ਦੇਣ ਨੂੰ ਵੀ ਚਿੱਤ ਕਰ ਆਇਆ ਸੀ।

ਸੂਰਜ ਦਾ ਚਾਚਾ ਸੂਰਜ ਦੀ ਤਾੜਨਾ ਜਾਂ ਅਰਜ਼ ਦੇ ਬਾਵਜੂਦ ਨਿਰੰਤਰ ਕੰਮ ਕਰੀ ਜਾਂਦਾ। ਸਿਰਫ ਉਹਦੇ ਚੰਗੇਰੇ ਭਵਿੱਖ ਖਾਤਰ। ਪਰ ਸੂਰਜ ਨੇ ਆਪਣੇ ਚਾਚੇ ਤੋਂ ਚੋਰੀ ਛੁਪੇ ਟੈਕਸੀ ਚਲਾਉਣ ਦਾ ਪਾਰਟ ਟਾਈਮ ਧੰਦਾ ਆਰੰਭ ਲਿਆ ਸੀ ਕਿਉਂਕਿ ਉਹ ਯੂਨੀਵਰਸਿਟੀ ਪੜ੍ਹਨ ਜਾਂਦਾ ਸੀ। ਸ਼ਹਿਰ ਵੱਡਾ ਸੀ। ਇਸ ਲਈ ਰਾਤ ਬਰਾਤੇ ਟੈਕਸੀਆਂ ਆਮ ਚੱਲਦੀਆਂ ਸਨ। ਉਹ ਇੱਕ ਸਹਾਰੇ ਵਜੋਂ ਆਈ ਚਲਾਈ ਤੋਰੀ ਜਾਂਦਾ ਤੇ ਆਖ ਛੱਡਦਾ ਉਹਨੂੰ ਯੂਨੀਵਰਸਿਟੀ ਵਾਲਿਆਂ ਨੇ ਵਜੀਫਾ ਦਿੱਤਾ ਹੈ। ਵਜੀਫਾ ਵੀ ਚਾਹੇ ਉਹ ਪਾਉਂਦਾ ਸੀ, ਪਰ ਰਕਮ ਬੜੀ ਥੋੜ੍ਹੀ ਸੀ।

ਦੋਸਤਾਂ ਯਾਰਾਂ ਦੇ ਪੱਖੋਂ ਸੂਰਜ ਅਵੇਸਲਾ ਹੀ ਸੀ। ਹਾਲਾਂਕਿ ਯੂਨੀਵਰਸਿਟੀ ਪੜ੍ਹਦਾ ਸੀ, ਜਿਵੇਂ ਚਾਹੁੰਦਾ ਡੰਗ ਟਪਾਊ ਯਾਰ ਬੇਲੀ ਬਣਾਈ ਫਿਰਦਾ, ਪਰ ਨਹੀਂ ਉਹਨੇ ਹਮੇਸ਼ਾ ਹੀ ਪੜ੍ਹਾਈ ਨੂੰ ਸਾਹਵੇਂ ਰੱਖਿਆ ਸੀ। ਹੰ ਇੱਕ ਦੋਸਤ ਫਿਰ ਵੀ ਉਸ ਬਣਾ ਲਿਆ ਸੀ, ਪਰ ਅਮੀਰਾਂ ਵਾਲੀ ਉਸ ‘ਚ ਹੈਂਕੜਬਾਜ਼ੀ ਰਤਾ ਭਰ ਵੀ ਨਹੀਂ ਸੀ। ਜਦੋਂ ਕਿ ਸੂਰਜ ਦੇ ਅਮੀਰ ਨਾ ਹੁੰਦਿਆਂ ਵੀ ਹਉਮੈ ਆ ਜਾਂਦੀ ਸੀ। ਪਰ ਉਹਦਾ ਦੋਸਤ ਪਰਦੀਪ ਗੁਪਤਾ ਇਸ ਬਿਮਾਰੀ ਤੋਂ ਆਜ਼ਾਦ ਸੀ। ਉਹ ਵੀ ਪੜ੍ਹਨ ਵਿੱਚ ਹੀ ਜ਼ਿਆਦਾ ਦਿਲਚਸਪੀ ਰੱਖਦਾ। ਜਾਂ ਥੋੜ੍ਹਾ ਮੋਟਾ ਬੈਡਮਿੰਟਨ ਵਿੱਚ। ਅੱਜ ਕੱਲ੍ਹ ਸੂਰਜ ਦਾ ਇਹ ਦੋਸਤ ਆਪਣੇ ਬਾਪ ਦਾਦੇ ਦੀ ਤਰ੍ਹਾਂ ਵਪਾਰਪੁਣੇ ਵਿੱਚ ਪੈ ਗਿਆ ਹੈ। ਸੂਰਜ ਅੱਜ ਉਸ ਦੀ ਗੱਡੀ ਵਿੱਚ ਇੰਟਰਵਿਊ ਤੋਂ ਹੋ ਕੇ ਪਰਤ ਰਿਹਾ ਹੈ।

ਆਪਣੇ ਸੁਨਹਿਰੀ ਭਵਿੱਖ ਨੂੰ ਕਲਾਵੇ ਵਿੱਚ ਸਮੇਟੇ ਉਹ ਕਿਸੇ ਫਿਲਮੀ ਗਾਣੇ ਦੇ ਬੋਲ ਗੁਣਗੁਣਾ ਰਿਹਾ ਹੈ। ਉਹਦੀ ਗੱਡੀ ਗਰ..ਰਰ..ਕਰਦੀ ਹੋਈ ਇਕ ਦਮ ਜਾਮ ਹੋ ਗਈ। ਉਹਨੇ ਪੂਰੀ ਹੁਸ਼ਿਆਰੀ, ਫੁਰਤੀ ਤੇ ਚੁਸਤੀ ਨਾਲ ਬਰੇਕਾਂ ‘ਤੇ ਪੈਰ ਜਮਾਏ। ਕਾਰ ਮਸਾਂ ਉਲਟਣੋਂ ਬਚ ਪਾਈ। ਉਹ ਕਾਰ ਤੋਂ ਧੜਕਦੇ ਦਿਲ ਨਾਲ ਹਾਰਿਆ ਹੋਇਆ ਥੱਲੇ ਉਤਰਿਆ। ਉਹਦੀ ਚੀਕ ਨਿਕਲ ਗਈ। ਉਹ ਤੜਪ ਕੇ ਰਹਿ ਗਿਆ। ਉਹ ਮੁੜਕੋ-ਮੁੜਕੀ ਹੋ ਗਿਆ, ਕਿਉਂਕਿ ਉਹਦੀ ਕਾਰ ਥੱਲੇ ਆ ਕੇ ਇਕ ਆਦਮੀ ਬੁਰੀ ਤਰ੍ਹਾਂ ਕੁਚਲਿਆ ਗਿਆ ਸੀ। ਲੋਥ ਲਹੂ ਨਾਲ ਲੱਥਪੱਥ ਸੀ। ਲਾਸ਼ ਦੇ ਉਤੇ ਟਾਇਰਾਂ ਦਾ ਛਾਪਾ ਜਿਹਾ ਬਣ ਗਿਆ ਸੀ। ਇਸ ਤੋਂ ਪਹਿਲਾਂ ਕਿ ਭੀੜ ਉਸ ਵੱਲ ਵਧਦੀ, ਉਹ ਬੜੀ ਹੁਸ਼ਿਆਰੀ ਤੇ ਚੁਸਤੀ ਫੁਰਤੀ ਨਾਲ ਕਾਰ ਵਿੱਚ ਬੈਠਿਆ ਤੇ ਸਟੇਰਿੰਗ ‘ਤੇ ਹੱਥ ਰੱਖਦਾ ਹੋਇਆ ਬੜੀ ਤੇਜ਼ੀ ਨਾਲ ਕਾਰ ਸਟਾਰਟ ਕਰਕੇ ਸ਼ਹਿਰ ਤੋਂ ਬਾਹਰਵਾਰ ਨੂੰ ਭੱਜ ਤੁਰਿਆ। ਲੋਕ ਦੇਖਦੇ ਹੀ ਰਹਿ ਗਏ ਜਦੋਂ ਕਿ ਲਾਸ਼ ਉਥੇ ਹੀ ਪਈ ਰਹੀ।

ਹੁਣ ਜਿੰਨੀ ਤੇਜ਼ੀ ਨਾਲ ਉਹਦੀ ਗੱਡੀ ਖੁੱਲ੍ਹੀ ਸੜਕ ‘ਤੇ ਸਰਪਟ ਦੌੜਦੀ ਜਾ ਰਹੀ ਹੈ, ਉਨੀ ਹੀ ਤੇਜ਼ੀ ਨਾਲ ਉਹਦਾ ਦਿਲ ਧੜਕ-ਧੜਕ ਕਰ ਰਿਹਾ ਹੈ। ਮਹਿਸੂਸ ਹੁੰਦਾ ਹੈ ਜਿਵੇਂ ਉਹਦੇ ਸੀਨੇ ‘ਤੇ ਕਿਸੇ ਨੇ ਵੱਡਾ ਸਾਰਾ ਘੰਟਾ ਲਮਕਾ ਦਿੱਤਾ ਹੋਵੇ। ‘ਸੋਚਿਆ ਕੀ ਸੀ ਬਣ ਕੀ ਗਿਆ?’ ਕਾਰ ਚੱਲਦੀ ਜਾ ਰਹੀ ਹੈ ਬੜੀ ਤੇਜ਼। ਇੰਨੀ ਤੇਜ਼ੀ ਨਾਲ ਉਸ ਕਦੇ ਪਹਿਲਾਂ ਨਹੀਂ ਸੀ ਚਲਾਈ। ਕਈ ਵਾਰ ਤਾਂ ਐਕਸੀਡੈਂਟ ਹੋਣੋਂ ਬਚਦਾ ਹੈ। ਚੌਰਾਹੇ ਖੜਾ ਸਿਪਾਹੀ ਚੀਕਦਾ ਹੈ, ਵਿਸਲਾਂ ਮਾਰਦਾ ਹੈ, ਪਰ ਉਹ..ਜਾਪਦਾ ਹੈ ਕਿ ਹੁਣ ਉਹਦੇ ਕੋਲ ਆਪਣਾ ਤਨ ਨਹੀਂ। ਕੁਝ ਵੀ ਨਹੀਂ, ਉਹਦੇ ਕੋਲ ਆਪਣਾ। ਸੁਨਹਿਰੀ ਭਵਿੱਖ ਨੂੰ ਹਨੇਰੇ ਦੇ ਵੱਡੇ ਪੈਰਾਂ ਨੇ ਮਸਲ ਕੇ ਰੱਖ ਦਿੱਤਾ ਹੈ। ਸੁਨਹਿਰੀ ਭਵਿੱਖ ਦੀ ਜਿਵੇਂ ਹੋਂਦ ਹੀ ਖਤਮ ਹੋ ਗਈ ਹੈ। ਨਵੀਂ ਮਿਲੀ ਪੁਲਸ ਅਫਸਰੀ ਦੀ ਅਪਾਇੰਟਮੈਂਟ ਲੈਟਰ ਉਸ ਨੂੰ ਆਪਣੀ ਜੇਬ ‘ਚੋਂ ਗੁੰਮ ਹੋ ਗਈ ਜਾਪੀ। ਉਹ ਸੋਚਣ ਲੱਗਾ, ਮਿਹਨਤ ਨਾਲ ਪ੍ਰਾਪਤ ਕੀਤੀ ਨੌਕਰੀ? ਉਹ ਕਲੇਜਾ ਨਪੀੜ ਕੇ ਰਹਿ ਗਿਆ। ਉਹਦੇ ਸੁਪਨੇ ਅਰਮਾਨ? ਉਹਦੇ ਚਾਚੇ ਦੀਆਂ ਸਧਰਾਂ? ਉਹਦੀਆਂ ਬੁੱਝੀਆਂ ਤੇ ਕਮਜ਼ੋਰ ਅੱਖਾਂ ਵਿੱਚ ਇਕ ਆਸ਼ਾ ਦੀ ਕਿਰਨ? ਉਹਦੇ ਸਦਾ ਹੀ ਰੰਦੇ ‘ਤੇ ਚੱਲਦੇ ਝੁਰੜੀਆਂ ਵਾਲੇ ਬੁੱਢੇ ਹੱਥ? ਜਿਨ੍ਹਾਂ ਤੋਂ ਹੁਣ ਕੰਮ ਨਹੀਂ ਸੀ ਕਰਨਾ ਬਣਦਾ, ਉਹ ਫੇਰ ਵੀ ਕਰੀ ਜਾਂਦੇ ਸਨ।

ਆਪਣੇ ਚਾਚੇ ਦਾ ਖਿਆਲ ਦਿਮਾਗ ‘ਚ ਆਉਂਦੇ ਹੀ ਉਹ ਕੰਬ ਗਿਆ, ਉਹਨੂੰ ਜਾਪਿਆ ਜਿਵੇਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਉਹਦੇ ਸਾਰੇ ਸਰੀਰ ਵਿੱਚੋਂ ਕੋਈ ਬਿਜਲੀ ਨੁਮਾ ਚੀਜ਼ ਦੌੜਦੀ ਚਲੀ ਜਾ ਰਹੀ ਹੋਵੇ। ਉਹਦਾ ਭਵਿੱਖ ਮਧੋਲਿਆ ਗਿਆ ਸੀ। ਉਹਦੀ ਜ਼ਿੰਦਗੀ, ਉਹਦਾ ਪਿਆਰ ਉਹਦੇ ਚਾਚੇ ਦੀਆਂ ਖਵਾਇਸ਼ਾਂ, ਤਮੰਨਾਵਾਂ ਉਮੰਗਾਂ। ਉਹ ਉਕਾ ਹੀ ਰੱਤਹੀਣ ਜਿਹਾ ਹੋ ਜਾਂਦਾ ਹੈ। ਬਿਲਕੁਲ ਬੇ ਜਾਨ ਨਿਰ ਜਿੰਦ।

‘ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦੇ। ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦੇ।’

‘ਨਹੀਂ! ਨਹੀਂ! ਮੈਂ ਕੁਝ ਨਹੀਂ ਕੀਤਾ, ਇਹ ਤਾਂ ਉਂਝ ਹੀ ਹੋ ਗਿਆ। ਮੈਂ ਮੇਰਾ ਰੋਸ਼ਨ ਸੁਨਹਿਰੀ ਭਵਿੱਖ? ਸਭ ਤੋਂ ਵੱਧ ਮੇਰੇ ਬੁੱਢੇ ਚਾਚੇ ਦੀ ਮਹਾਨ ਖੁਸ਼ੀ?’

ਕਾਰ ਸੜਕ ‘ਤੇ ਸਰਪਟ ਦੌੜਦੀ ਚਲੀ ਜਾ ਰਹੀ ਹੈ ਅੰਨ੍ਹੇਵਾਹ।

‘ਤੂੰ ਕਾਨੂੰਨ ਦਾ ਰਾਖਾ! ਤੂੰ ਹੁਣ ਇਕ ਜ਼ਿੰਮੇਵਾਰ ਅਫਸਰ ਤੇ ਤੂੰ ਹੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਧੂੜ ਪਾ ਕੇ ਜਾ ਰਿਹੈ? ਸ਼ਰਮ ਕਰ..ਸ਼ਰਮ ਕਰ.. ਤੇਰਾ ਕੰਮ ਤਾਂ ਹੈ ਮੁਜਰਿਮਾਂ ਨੂੰ ਫੜਨਾ ਤੇ ਫੇਰ ਤੂੰ ਖੁਦ ਹੀ ਮੁਜਰਿਮ ਦੀ ਹੈਸੀਅਤ ‘ਚ ਕਾਨੂੰਨ ਨੂੰ ਰੋਂਦਦਾ ਜਾ ਰਿਹੈ? ਇਹ ਸਰਾਸਰ ਕਾਨੂੰਨ ਨਾਲ ਧੱਕਾ ਹੈ। ਪੂਰੇ ਵਤਨ ਮੁਲਕ ਅਨਿਆਏ ਹੈ।’

‘ਨਾਲੇ ਤੂੰ ਫੇਰ ਕਾਨੂੰਨ ਤੋਂ ਕਦੋਂ ਤੱਕ ਭੱਜ ਸਕੇਂਗਾ? ਕਿੱਥੇ ਭੱਜ ਕੇ ਜਾਏਂਗਾ? ਕਾਨੂੰਨ ਨੇ ਇਕ ਨਾ ਇਕ ਦਿਨ ਤਾਂ ਤੈਨੂੰ ਜਾ ਹੀ ਦਬੋਚਣਾ ਹੈ।

ਕਾਰ ਸੜਕ ‘ਤੇ ਸਰਪਟ ਦੌੜੀ ਚੱਲੀ ਜਾ ਰਹੀ ਹੈ। ਪਹਿਲਾਂ ਨਾਲੋਂ ਵੀ ਕਿਤੇ ਤੇਜ਼। ਪੂਰੀ ਸਪੀਡ ‘ਤੇ ਪਰ ਕਾਰ ਦੀ ਸਪੀਡ ਤੋਂ ਕਿਤੇ ਤੇਜ਼ ਸੂਰਜ ਦਾ ਦਿਲ ਦਿਮਾਗ ਤੇ ਉਹਦੀ ਸੋਚ..ਉਹ ਸ਼ਹਿਰ ਤੋਂ ਕਾਫੀ ਦੂਰ ਲੰਘ ਆਇਆ ਹੈ। ਇਕ ਵੀਰਾਨ ਜਿਹੀ ਜਗ੍ਹਾ ‘ਤੇ ਜਿੱਥੇ ਦੂਰ-ਦੂਰ ਤੀਕਰ ਕੋਈ ਮਨੁੱਖ ਵਿਖਾਈ ਨਹੀਂ ਦੇ ਰਿਹਾ।

ਹਾਂ ਸਿਰਫ ਕਾਨੂੰਨ ਹੀ ਨਹੀਂ, ਇਹਦਾ ਭਾਵ ਹੈ ਤੂੰ ਸਮੁੱਚੀ ਮਨੁੱਖਤਾ ਤੋਂ ਹੀ ਦੂਰ ਭੱਜਣ ਦਾ ਯਤਨ ਕਰ ਰਿਹੈ? ਤੂੰ ਸਮੁੱਚੀ ਮਨੁੱਖਤਾ ਦਾ ਕਾਤਲ ਏਂ, ਤਦੇ ਤਾਂ ਮਨੁੱਖਤਾ ਤੋਂ ਹੀ ਕੋਸਾਂ ਦੂਰ ਭੱਜਦਾ ਜਾ ਰਿਹੈ?

ਤੇਜ਼ ਗਤੀ ਕਰਦੇ ਉਹਦੇ ਦਿਮਾਗ ‘ਚ ਇਕ ਖਿਆਲ ਪਣਪਿਆ ਤੇ ਅਗਲੇ ਹੀ ਪਲ ਉਹਦੀ ਸਰਪਟ ਦੌੜਦੀ ਕਾਰ ਰੁਕ ਗਈ। ਉਹਦੀਆਂ ਅੱਖਾਂ ਸੇਜਲ ਹੋ ਗਈਆਂ।

ਹੁਣ ਉਹ ਵਾਪਸ ਪਰਤ ਰਿਹਾ ਹੈ। ਹੁਣ ਉਹਦੀ ਕਾਰ ਪਹਿਲਾਂ ਵਾਂਗ ਤੇਜ਼ ਨਹੀਂ ਬੜੀ ਸੁਸਤ ਚਾਲ। ਉਹ ਆਪਣੇ ਚਾਚੇ ਨਾਲ ਮੁਲਾਕਾਤ ਕਰਨ ਉਪਰੰਤ ਸਿੱਧਾ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦੇਵੇਗਾ। ਇਹੋ ਸੋਚ ਉਹਨੇ ਆਪਣੀ ਕਾਰ ਦਾ ਸਟੇਰਿੰਗ ਆਪਣੇ ਘਰ ਵੱਲ ਨੂੰ ਘੁਮਾਇਆ।

ਠੀਕ ਘਰ ਸਾਹਮਣੇ ਜਾ ਕੇ ਉਹਨੇ ਕਾਰ ਦੇ ਬਰੇਕ ਲਗਾਏ। ਉਹ ਘਰ ਦੇ ਵਿਹੜੇ ‘ਚ ਦਾਖਲ ਹੋਇਆ। ਉਹਨੂੰ ਦੇਖ ਕੇ ਭੀੜ ਦੇ ਲੋਕੀਂ ਪਿਛਾਂਹ ਹਟਣੇ ਸ਼ੁਰੂ ਹੋ ਗਏ। ਉਹ ਖੜੇ ਦਾ ਖੜਾ ਰਹਿ ਗਿਆ, ਜਦੋਂ ਉਹਨੇ ਦੇਖਿਆ ਕਿ ਚਿੱਟੇ ਕੱਪੜੇ ਹੇਠ ਉਹਦੇ ਬੁੱਢੇ ਚਾਚੇ ਦਾ ਮੋਇਆ ਸਰੀਰ ਸੀ। ਉਹਦੇ ਚਾਚੇ ਦੀ ਰਕਤ ਹੀਣ ਅੱਖਾਂ ਏਨੀਆਂ ਖੌਫਨਾਕ ਤੇ ਡਰਾਉਣੀਆਂ ਹੋ ਗਈਆਂ ਸਨ ਕਿ ਉਹ ਪੂਰੇ ਦਾ ਪੂਰਾ ਥਰਥਰਾ ਗਿਆ। ਉਹ ਅੱਖਾਂ ਜਿਨ੍ਹਾਂ ‘ਚੋਂ ਹਮੇਸ਼ਾ ਪਿਆਰ ਉਬਲਦਾ ਮੋਹ ਨਜ਼ਰੀ ਪੈਂਦਾ ਸੀ, ਉਹ ਏਨੀਆਂ ਖੌਫਨਾਕ ਤੇ ਡਰਾਉਣੀਆਂ?

ਅੱਜ ਸ਼ਾਮ ਦੇ ਸਵਾ ਕੁ ਚਾਰ ਵਜੇ ਚੌਂਕ ‘ਚ ਵਿਚਾਰੇ ਨੂੰ ਕੋਈ ਚਿੱਟੀ ਜਿਹੀ ਕਾਰ ਵਾਲਾ ਲਿਤਾੜ ਗਿਆ। ਹਾਲੇ ਤੱਕ ਉਹਦਾ ਥਹੁ ਪਤਾ ਨਹੀਂ ਲੱਗ ਸਕਿਆ। ਸੂਰਜ ਪ੍ਰਕਾਸ਼ ਦੀਆਂ ਅੱਖਾਂ ਇਹ ਸੁਣਦਿਆਂ ਹੀ ਹੋਰ ਗੱਡੀਆਂ ਗਈਆਂ ਤੇ ਫਟਣ ਦੇ ਕਰੀਬ ਆਈਆਂ। ਉਹਨੇ ਸੰਘ ਪਾੜ-ਪਾੜ ਕੇ ਚੀਕਣਾ ਚਾਹਿਆ, ਪਰ ਚੀਕ ਉਹਦੇ ਮੂੰਹ ਤੋਂ ਬਾਹਰ ਆਉਣ ਦੀ ਦਲੇਰੀ ਨਾ ਕਰ ਸਕੀ। ਉਹਦੀ ਆਵਾਜ਼ ਜਿਵੇਂ ਗੂੰਗੀ ਹੋ ਗਈ ਤੇ ਉਹਦਾ ਸਾਰਾ ਮਾਣ ਅਭਿਮਾਨ ਅਹਿਸਾਨ ਦੇ ਮਜ਼ਬੂਤ ਤੇ ਭਾਰੇ ਪੈਰਾਂ ਥੱਲੇ ਆ ਕੇ ਆਪਣੇ ਚਾਚੇ ਦੀ ਕੁਚਲੀ ਹੋਈ ਲਾਸ਼ ਵਾਂਗਰ ਹੀ ਲਿਤਾੜਿਆ ਗਿਆ।

-ਸੁਖਮਿੰਦਰ ਸਿੰਘ ਸੇਖੋਂ