ਹਮਦਰਦ – Shiv Kumar Batalvi

ਮੇਰੇ ਹਮਦਰਦ !
ਤੇਰਾ ਖ਼ਤ ਮਿਲਿਆ
ਤੇਰੇ ਜਜ਼ਬਾਤ ਦੀ ਇਕ ਮਹਿਕ ਦਾ
ਇਹ ਗੁੰਚਾ
ਮੇਰੇ ਅਹਿਸਾਸ ਦੇ ਹੋਠਾਂ ‘ਤੇ
ਇਵੇਂ ਖਿੜਿਆ
ਬਾਜ਼ਾਰੀ ਜਿਵੇਂ
ਸੋਹਣੀ ਕਿਸੇ ਨਾਰ ਦਾ ਚੁੰਮਣ
ਪ੍ਰਿਥਮ ਵਾਰ
ਕਿਸੇ ਕਾਮੀ ਨੂੰ ਹੋਏ ਜੁੜਿਆ
ਮੇਰੇ ਹਮਦਰਦ
ਤੇਰਾ ਖ਼ਤ ਮਿਲਿਆ ।

ਮੇਰੇ ਹਮਦਰਦ
ਹਮਦਰਦੀ ਤੇਰੀ ਸਿਰ-ਮੱਥੇ
ਫਿਰ ਵੀ
ਹਮਦਰਦੀ ਤੋਂ ਮੈਨੂੰ ਡਰ ਲੱਗਦੈ
‘ਹਮਦਰਦੀ’
ਪੋਸ਼ਾਕ ਹੈ ਕਿਸੇ ਹੀਣੇ ਦੀ
‘ਹੀਣਾ’
ਸਭ ਤੋਂ ਵੱਡਾ ਮਿਹਣਾ ਜੱਗ ‘ਤੇ
ਜਿਹੜੇ ਹੱਥਾਂ ਥੀਂ ਉਲੀਕੇ ਨੇ
ਤੂੰ ਇਹ ਅੱਖਰ
ਉਨ੍ਹਾਂ ਹੱਥਾਂ ਨੂੰ ਮੇਰਾ ਸੌ ਸੌ ਚੁੰਮਣ
ਮੈਂ ਨਹੀਂ ਚਾਹੁੰਦਾ
ਤੇਰੇ ਹੋਠਾਂ ਦੇ ਗੁਲਾਬ
ਆਤਸ਼ੀ-ਸੂਹੇ
ਬੜੇ ਸ਼ੋਖ਼ ਤੇ ਤੇਜ਼ਾਬੀ ਨੇ ਜੋ
ਮੇਰੇ ਸਾਹਾਂ ਦੀ ਬਦਬੂ ‘ਚ
ਸਦਾ ਲਈ ਗੁੰਮਣ
ਮੈਂ ਜਾਣਦਾਂ
ਤੇਰੇ ਖ਼ਤ ‘ਚ
ਤੇਰੇ ਜਿਸਮ ਦੀ ਖ਼ੁਸ਼ਬੋ ਹੈ
ਇਕ ਸੇਕ ਹੈ, ਇਕ ਰੰਗ ਹੈ
ਹਮਦਰਦੀ ਦੀ ਛੋਹ ਹੈ
ਹਮਦਰਦੀ ਮੇਰੀ ਨਜ਼ਰ ‘ਚ
ਪਰ ਕੀਹ ਆਖਾਂ ?
ਬੇ-ਹਿੱਸ ਜਿਹੇ ਕਾਮ ਦੇ
ਪੈਂਡੇ ਦਾ ਹੀ ਕੋਹ ਹੈ ?
ਮੈਂ ਜਾਣਦਾਂ
ਮੈਂ ਜਾਣਦਾਂ, ਹਮਦਰਦ ਮੇਰੇ
ਜ਼ਿੰਦਗੀ ਮੇਰੀ
ਮੇਰੀ ਤਾਂ ਮਤੱਈ ਮਾਂ ਹੈ
ਫਿਰ ਵੀ ਹੈ ਪਿਆਰੀ ਬੜੀ
ਇਹਦੀ ਮਿੱਠੀ ਛਾਂ ਹੈ ।

ਕੀਹ ਗ਼ਮ ਜੇ ਭਲਾ
ਲੰਮੇ ਤੇ ਇਸ ਚੌੜੇ ਜਹਾਂ ਵਿਚ
ਇਕ ਜ਼ਰਾ ਵੀ ਨਾ ਐਸਾ
ਕਿ ਜਿਹਨੂੰ ਆਪਣਾ ਹੀ ਕਹਿ ਲਾਂ
ਕੀਹ ਗ਼ਮ
ਜੇ ਨਸੀਬੇ ਨਾ
ਪੰਛੀ ਦਾ ਵੀ ਪਰਛਾਵਾਂ
ਇਸ ਉਮਰਾ ਦੇ ਸਹਿਰਾ ‘ਚ
ਜਿਦ੍ਹੀ ਛਾਵੇਂ ਹੀ ਬਹਿ ਲਾਂ ।

ਤੇਰੇ ਕਹਿਣ ਮੁਤਾਬਕ
ਜੇ ਤੇਰਾ ਸਾਥ ਮਿਲੇ ਮੈਨੂੰ
ਕੀਹ ਪਤਾ ਫਿਰ ਵੀ ਨਾ
ਦੁਨੀਆਂ ‘ਚ ਮੁਬਾਰਕ ਥੀਵਾਂ
ਮੇਰੇ ਹਮਦਰਦ
ਹਮਦਰਦੀ ਤੇਰੀ ਸਿਰ ਮੱਥੇ
ਮੈਂ ਤਾਂ ਚਾਹੁੰਦਾ ਹਾਂ
ਜ਼ਿੰਦਗੀ ਦਾ ਜ਼ਹਿਰ
ਕੱਲਾ ਹੀ ਪੀਵਾਂ
ਮੇਰੇ ਹਮਦਰਦ !
ਤੇਰਾ ਖ਼ਤ ਮਿਲਿਆ ।
ਮੇਰੇ ਹਮਦਰਦ
ਤੇਰਾ ਖ਼ਤ ਮਿਲਿਆ ।