ਹੌਸਲਾ ਮੇਰਾ ਵੀ ਤਾਂ ਦੇਖ ਕਿ ਜਿੰਨੀ ਵੀ ਵਾਰ ਡਿੱਗਿ

ਓਹ ਤੇਰੀ ਬੁਨਿਆਦ ਦਾ ਪੱਥਰ ਹੀ ਬਾਕੀ ਰਹਿ ਗਿਆ।
ਤੂਫ਼ਾਨ ਤਾਂ ਸਾਡੇ ਸਭ ਸ਼ਾਮਿਆਨੇ ਉਡਾ ਕੇ ਲੈ ਗਿਆ ।

ਇਸ ਵਾਰ ਵੀ ਯਾਰ ਮੈਂ ਆਪੇ ਤੋਂ ਹੀ ਗੈਰਹਾਜ਼ਰ ਸਾਂ,
ਸੀ ਝੀਲ ਨੂੰ ਮਿਲਣ ਗਿਆ, ਮਖੌਟਾ ਨਾਲ ਲੈ ਗਿਆ ।

ਆਪਣੇ ਲਫ਼ਜਾਂ ਉੱਤੇ ਜਦ ਤੈਨੂੰ ਵੀ ਨਹੀਂ ਯਕੀਨ ਸੀ,
ਫਿਰ ਸਜਾ ਮੈਂ ਕਿਉਂ ਤੇਰੇ ਵਾਅਦਿਆਂ ਦੀ ਸਹਿ ਗਿਆ।

ਸਮਿਆਂ ਨੇ ਤਰਕਸ ਮੇਰਾ ਸੀ ਜੰਡ ਉੱਤੇ ਟੰਗਿਆ ,
ਸਹਿਬਾਂ ਨੂੰ ਤਾਂ ਅੈਵੇਂ ਹੀ ਮੈਂ ਬੇਵਫ਼ਾ ਕਹਿ ਗਿਆ ।

ਓਹ ਮੈਨੂੰ ਜਿਸਮ ਦੀਆਂ ਪਰਤਾਂ ’ਚੌਂ ਲੱਭਦੀ ਰਹੀ,
ਮੈਂ ਮੇਰੀਆਂ ਨਜ਼ਮਾਂ ਵਿੱਚ ਹੀ ਛੁਪ ਕੇ ਬਹਿ ਗਿਆ ।

ਕਿੰਨੇ ਹੀ ਰਾਹੀਆਂ ਨੇ ਸਾਖ਼ਾਵਾਂ ਮੇਰੀਆਂ ਤੋਂ ਉਡਾਣ ਭਰੀ,
ਕਿੰਨੇ ਹੀ ਰਾਹੀਆਂ ਦਾ ਛਾਂ ਮੇਰੀ ਥੱਲੇ ਥਕੇਵਾਂ ਲਹਿ ਗਿਆ।

ਹੌਸਲਾ ਮੇਰਾ ਵੀ ਤਾਂ ਦੇਖ ਕਿ ਜਿੰਨੀ ਵੀ ਵਾਰ ਡਿੱਗਿਆ ,
ਓਨੀ ਹੀ ਵਾਰ ਹੋ ਮਜਬੂਤ ਜਿੰਦਗੀ ਦੀ ਰਾਹੇ ਪੈ ਗਿਆ।
ਮਨਜੀਤ ਕੋਟੜਾ ।