ਖ਼ੁਦਕੁਸ਼ੀ ਦਾ ਜਨਮ

(ਖ਼ੁਦਕੁਸ਼ੀ ਦਾ ਜਨਮ)
ਕਿੱਥੇ ਹੋਇਆ ਸੀ
ਇਸ ਖ਼ੁਦਕੁਸ਼ੀ ਦਾ ਜਨਮ
‘ਤੇ ਕੀ ਹੈ ਇਹਦੀ ਜਨਮ ਤਰੀਕ
ਕਿਸ ਦੀ ਦੇਖ-ਰੇਖ ਹੇਠ
ਪਲਿਆ ਹੈ ਇਸਦਾ ਬਚਪਨ
‘ਤੇ ਕਿਸਦੀ ਉਂਗਲ ਫੜ੍ਹ
ਘੁੰਮੇ ਇਹਨੇ
ਸ਼ਹਿਰਾਂ ਦੇ ਸ਼ਹਿਰ
ਤੇ ਪਿੰਡਾਂ ਦੇ ਪਿੰਡ।
ਹੁਣ ਲੱਗਦੇ ਹੈ ਜਿਵੇਂ
ਜਵਾਨੀ ਇਸਦੀ
ਪੰਜਾਬ ਦੇ ਪਿੰਡਾਂ ਵਿੱਚ ਬੀਤ ਰਹੀ ਹੈ
ਤਾਂ ਹੀ ਤਾਂ
ਛੱਡਿਆ ਨਹੀਂ ਇਹਨੇ
ਕਿਸੇ ਵੀ ਘਰ ਦਾ ਇੱਕ
ਕਰਜ਼ਈ ਹੋਇਆ ਬਾਪ
ਜਦੋਂ ਕਿਤੇ ਕੱਲਾ ਬੈਠਾ
ਸੋਚੀਂ ਪੈਂਦਾ ਕਿਸੇ ਧੀ ਦਾ ਬਾਬਲ
ਇਹ ਖ਼ੁਦਕੁਸ਼ੀ ਲੈ ਜਾਂਦੀ ਉਹਨੂੰ
ਉਹਦੀ ਬਾਂਹ ਫੜ ਕੇ
ਕਿਸੇ ਕੋਨੇ ਪਈ ਮੋਨੋ ਦੀ ਸ਼ੀਸ਼ੀ ਕੋਲ
ਜਾਂ ਖੇਤ ਮੋਟਰ ‘ਤੇ ਲੱਗੀ ਟਾਹਲੀ ਕੋਲ
ਉਸ ਤੜਫਦੇ ਜਿਸਮ ਨੂੰ ਵੇਖ ਕੇ
ਬੜਾ ਖਿੜ-ਖਿੜਾ ਕੇ ਹੱਸਦੀ
ਇਹ ਖ਼ੁਦਕੁਸ਼ੀ,
ਮੈਂ ਹੁਣ ਚੁੱਪ ਹਾਂ
‘ਤੇ ਸੋਚ ਰਿਹਾਂ
ਕਿ ਕਿੰਨੀ ਕੁ ਉਮਰ ਹੋਵੇਗੀ
ਇਸ ਖ਼ੁਦਕੁਸ਼ੀ ਦੀ
ਕਿਤੇ ਇਹ ਅਮਰ ਤਾਂ ਨਹੀਂ।
ਗੁਰਜੰਟ ਤਕੀਪੁਰ
8872782684