ਗ਼ਜ਼ਲ

ਸਾਨੂੰ ਤੋਲ ਨਾ ਤੂੰ ਐਵੇਂ ਚੰਨਾ ਤਾਰਿਆਂ ਦੇ ਨਾਲ਼।
ਤੈਨੂੰ ਹੇਜ ਕੋਈ ਹੈ ਨੀ ਸਾਡੇ ਢਾਰਿਆਂ ਦੇ ਨਾਲ਼।
=ਅਸੀਂ ਅੰਬਰਾਂ ਨੂੰ ਛੂਹਣ ਦੇ ਖ਼ੁਆਬ ਲੈ ਲਏ,
ਸਾਨੂੰ ਈਰਖ਼ਾ ਨਹੀਂ ਤੇਰਿਆਂ ਚੁਬਾਰਿਆਂ ਦੇ ਨਾਲ਼।
=ਐਵੇਂ ਖ਼ੁਦ ਨੂੰ ਤੂੰ ਝੂਠੀਆਂ ਤਸੱਲੀਆਂ ਨਾ ਦੇਹ,
ਕੋਈ ਜਿੱਤਦਾ ਨਹੀਂ ਇੱਥੇ ਪੱਤੇ ਹਾਰਿਆਂ ਦੇ ਨਾਲ਼।
=ਜਦੋਂ ਯਾਦ ਆਉਂਦੀ ਸਾਨੂੰ ਝੂਠੇ ਲਾਰਿਆ ਦੀ ਗੱਲ,
ਸਾਡੀ ਪੀੜ ਆਉਂਦੀ ਬਾਹਰ ਹੰਝੂ ਖ਼ਾਰਿਆ ਦੇ ਨਾਲ਼।
=ਤੇਰੇ ਸਾਥ ਬਾਝੋਂ ਨਹੀਓਂ ਸਾਨੂੰ ਮਿਲਣਾ ਸਕੂਨ,
ਅਸੀਂ ਰੱਜਣਾ ਨਹੀਂ ਰੰਗਲੇ ਗ਼ੁਬਾਰਿਆ ਦੇ ਨਾਲ਼।
=ਤੇਰੀ ਚੁੱਪ ਦੀ ਆਵਾਜ਼ ਸਾਥੋਂ ਸਹਿ ਨਹੀਓਂ ਹੋਣੀ,
ਅਸੀਂ ਜਿਉਂਦੇ ਹਾਂ ਪਿਆਰਿਓ ਹੁੰਗਾਰਿਆ ਦੇ ਨਾਲ਼।
=ਜੇ ਤੂੰ ਮਿਲਣੈਂ ਪਿਆਰੇ ਸਾਖ਼ਸ਼ਾਤ ਆ ਕੇ ਮਿਲ਼,
ਗੱਲ ਬਣਨੀ ਨਹੀਂ ਦੂਰ ਤੋਂ ਇਸ਼ਾਰਿਆ ਦੇ ਨਾਲ਼।
=ਖ਼ੌਰੇ ਆਸ਼ਕਾਂ ਦੀ ਮਿੱਟੀ ਦੀ ਤਾਸੀਰ ਕੈਸੀ ਹੈ,
ਅੰਗ ਅੰਗ ਕਟਵਾਂਦੇ ਤਿੱਖ਼ੇ ਆਰਿਆ ਦੇ ਨਾਲ਼।
=ਜਿਨ੍ਹਾਂ ਦਰਦ ਵੰਡਾਇਆ ਸਾਡਾ ਔਕੜਾਂ ਸਮੇਂ,
ਸਾਨੂੰ ਮੋਹ ਉਨ੍ਹਾਂ ਮਿੱਤਰਾਂ ਪਿਆਰਿਆ ਦੇ ਨਾਲ਼।
=ਕਈ ਡੁੱਬ ਗਏ ਵਲੈਤ ਦੇ ਸਮੁੰਦਰਾਂ ਦੇ ਵਿਚ,
ਬੜੀ ਬੁਰੀ ਹੋਈ ਮਾਵਾਂ ਦੇ ਦੁਲਾਰਿਆਂ ਦੇ ਨਾਲ਼।
=ਸਾਡੀ ਹੋ ਗਈ ਹੈ ਵਲੈਤ ਵਿਚ ਜ਼ਿੰਦਗ਼ੀ ਤਮਾਮ,
ਜਿਹੜੀ ਸ਼ੁਰੂ ਹੋਈ ਕੱਚਿਆਂ ਕੁਆਰਿਆ ਦੇ ਨਾਲ਼।
=ਸਾਨੂੰ “ਸਾਥੀ” ਕੱਲੇ ਨਾਲ਼ ਹੀ ਪਿਆਰ ਨਹੀਂ ਹੈ,
ਅਸੀਂ ਕਰੀਏ ਪਿਆਰ ਲੋਕਾਂ ਸਾਰਿਆ ਦੇ ਨਾਲ਼।

-ਡਾ.ਸਾਥੀ ਲੁਧਿਆਣਵੀ